
ਭੁੱਚੋ ਮੰਡੀ, 12 ਅਪ੍ਰੈਲ-ਸ਼ੁੱਕਰਵਾਰ ਨੂੰ ਇਲਾਕੇ ਦੇ ਪਿੰਡ ਤੁੰਗਵਾਲੀ ਵਿਖੇ ਅਣਪਛਾਤੇ ਚੋਰਾਂ ਵੱਲੋਂ ਦਿਨ ਦਿਹਾੜੇ ਮਜ਼ਦੂਰ ਦੇ ਘਰ ਵਿੱਚੋਂ ਸੋਨੇ ਦੇ ਗਹਿਣੇ ਤੇ ਨਕਦੀ ਸਮੇਤ ਡੇਢ ਲੱਖ ਦਾ ਸਾਮਾਨ ਚੋਰੀ ਕਰ ਕੇ ਲੈ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਜਸਕਰਨ ਸਿੰਘ ਪੁੱਤਰ ਸਾਧਾ ਸਿੰਘ ਜੋ ਇਕ ਨਿੱਜੀ ਸਕੂਲ ਦੀ ਵੈਨ ’ਤੇ ਡਰਾਈਵਰੀ ਕਰਦਾ ਹੈ ਅਤੇ ਉਸ ਦੀ ਪਤਨੀ ਸੰਦੀਪ ਕੌਰ ਵੀ ਉਸਦੇ ਨਾਲ ਹੀ ਉਸੇ ਵੈਨ ਉੱਪਰ ਬੱਚਿਆਂ ਦੀ ਦੇਖਭਾਲ ਦਾ ਕੰਮ ਕਰਦੀ ਹੈ। ਜਸਕਰਨ ਸਿੰਘ ਨੇ ਦੱਸਿਆ ਕਿ ਸਵੇਰੇ 8 ਵਜੇ ਦੇ ਕਰੀਬ ਉਹ ਆਪਣੇ ਘਰ ਨੂੰ ਜਿੰਦਰੇ ਲਗਾ ਕੇ ਆਪਣੇ ਕੰਮ ’ਤੇ ਚਲੇ ਗਏ। 10 ਵਜੇ ਦੇ ਕਰੀਬ ਉਸ ਦੀ ਮਾਂ ਮਹਿੰਦਰ ਕੌਰ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ ਘਰ ਚੋਰੀ ਹੋ ਗਈ ਹੈ ਜਦੋਂ ਘਰ ਆ ਕੇ ਦੇਖਿਆ ਤਾਂ ਘਰ ਦਾ ਸਮਾਨ ਇਧਰ ਉਧਰ ਖਿਲਰਿਆ ਪਿਆ ਸੀ। ਅਲਮਾਰੀ ਵਿੱਚੋਂ ਅੱਧਾ ਤੋਲੇ ਦੇ ਸੋਨੇ ਦੇ ਕਾਂਟੇ , ਇਕ ਛਾਪ, 6 ਹਜ਼ਾਰ ਦੇ ਲਗਭਗ ਨਗਦ ਰੁਪਏ ਅਤੇ ਦੋ ਗੈਸ ਸਿਲੰਡਰ ਗਾਇਬ ਸਨ। ਪੀੜਤ ਦੀ ਬਜ਼ੁਰਗ ਮਾਂ ਮਹਿੰਦਰ ਕੌਰ ਨੇ ਦੱਸਿਆ ਕਿ ਉਹ ਘਰ ਨਹੀਂ ਸੀ, ਉਸਨੂੰ ਇਸ ਘਟਨਾ ਦਾ ਪਤਾ ਘਰ ਆ ਕੇ ਲੱਗਿਆ। ਜਸਕਰਨ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਪੁਲਿਸ ਚੌਂਕੀ ਭੁੱਚੋ ਮੰਡੀ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਘਰ ਆ ਕੇ ਜਾਂਚ ਪੜਤਾਲ ਕੀਤੀ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸਵਰਨ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਬਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ, ਜਲਦ ਹੀ ਚੋਰਾਂ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।



