ਘਰੋਂ ਭੱਜ ਕੇ ਚੰਡੀਗੜ੍ਹ ਪਹੁੰਚੇ ਪ੍ਰੇਮੀ ਜੋੜੇ ਦੀਆਂ ਇਕ ਹੋਟਲ ‘ਚੋਂ ਮਿਲੀਆਂ ਲਾਸ਼ਾਂ
ਨੌਜਵਾਨ 'ਤੇ ਸੀ ਅਗਵਾ ਕਰਨ ਦਾ ਕੇਸ ਦਰਜ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 22 ਅਗਸਤ : ਯੂਪੀ ਤੋਂ ਭੱਜ ਕੇ ਚੰਡੀਗੜ੍ਹ ਦੇ ਪਿੰਡ ਦੜਵਾ ਦੇ ਹੋਟਲ ‘ਚ ਪਹੁੰਚੇ ਪ੍ਰੇਮੀ ਜੋੜੇ ਨੇ ਸਲਫਾਸ ਦੀ ਗੋਲੀਆਂ ਨਿਗਲ ਕੇ ਜਾਨ ਦੇ ਦਿੱਤੀ। ਉਹ ਵੀਰਵਾਰ ਸਵੇਰੇ ਹੀ ਹੋਟਲ ਪਹੁੰਚੇ ਸਨ। ਇਸ ਦੌਰਾਨ ਦੋਵਾਂ ਨੇ ਆਤਮਹੱਤਿਆ ਕੀਤੀ, ਘਟਨਾ ਇੰਡਸਟਰੀਅਲ ਏਰੀਆ ਦੇ ਅੰਦਰ ਆਉਂਦੇ ਪਿੰਡ ਦੜਵਾ ‘ਚ ਸਥਿਤ ਹੋਟਲ ਗੋਲਡਨ ਵਿਊ ‘ਚ ਵਾਪਰੀ। ਹੋਟਲ ਪ੍ਰਬੰਧਕ ਸੁਰਜੀਤ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ, ਜਿੱਥੇ ਉਸਨੇ ਦੱਸਿਆ ਕਿ ਵੀਰਵਾਰ ਤੜਕੇ ਲਗਪਗ 3:20 ਵਜੇ ਇਕ ਨੌਜਵਾਨ ਤੇ ਲੜਕੀ ਹੋਟਲ ‘ਚ ਕਮਰਾ ਲੈਣ ਆਏ ਸਨ। ਕਰੀਬ 5:30 ਵਜੇ ਦੋਹਾਂ ਦੇ ਕਮਰੇ ‘ਚੋਂ ਚੀਕਾਂ ਤੇ ਉਲਟੀਆਂ ਕਰਨ ਦੀਆਂ ਆਵਾਜ਼ਾਂ ਆਉਣ ਲੱਗੀਆਂ ਜਿਸ ਤੋਂ ਬਾਅਦ ਤੁਰੰਤ ਕਮਰੇ ਨੂੰ ਖੋਲ੍ਹਿਆ ਗਿਆ। ਸਟਾਫ ਨੇ ਅੰਦਰ ਜਾ ਕੇ ਵੇਖਿਆ ਕਿ ਸਾਰਾ ਸਾਮਾਨ ਬਿਖਰਿਆ ਹੋਇਆ ਸੀ। ਅੰਦਰ ਕੱਚ ਦੇ ਟੁਕੜੇ ਵੀ ਪਏ ਸਨ। ਇਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚੀਆਂ ਅਤੇ ਦੋਵਾਂ ਨੂੰ ਜੀਐਮਸੀਐਚ-32 ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਇਲਾਜ ਦੌਰਾਨ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਅਨੁਸਾਰ, ਲੜਕੀ ਦੀ ਪਛਾਣ ਬੇਗਰਾਜਪੁਰ, ਜ਼ਿਲ੍ਹਾ ਮੁਜ਼ੱਫ਼ਰਪੁਰ ਵਾਸੀ ਸ਼ਾਲੂ (16) ਦੇ ਰੂਪ ‘ਚ ਹੋਈ ਹੈ ਜਦਕਿ ਨੌਜਵਾਨ ਦੀ ਪਛਾਣ ਅਰਸ਼ਦ (24) ਦੇ ਰੂਪ ‘ਚ ਹੋਈ ਹੈ। ਮੌਕੇ ਤੋਂ ਪੁਲਿਸ ਨੇ ਇਕ ਸੁਸਾਇਡ ਨੋਟ ਤੇ ਸੰਧੂਰ ਵੀ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਉੱਥੇ ਸਲਫਾਸ ਦੀਆਂ ਗੋਲੀਆਂ ਦੀ ਡੱਬੀ ਵੀ ਮਿਲੀ। ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨਾਬਾਲਿਗ ਸ਼ਾਲੂ ਦੇ ਪਰਿਵਾਰ ਵਾਲਿਆਂ ਨੇ ਯੂਪੀ ‘ਚ ਅਰਸ਼ਦ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕਰਵਾਇਆ ਹੋਇਆ ਹੈ। ਦੋਵੇਂ ਘਰੋਂ ਭੱਜੇ ਹੋਏ ਸਨ।



