
ਸ਼੍ਰੀ ਹਰਗੋਬਿੰਦਪੁਰ, 27 ਮਾਰਚ-ਕਸਬੇ ’ਚ ਬੁੱਧਵਾਰ ਸ਼ਾਮ ਨੂੰ ਇਕ ਅਨੋਖਾ ਮਾਮਲਾ ਸਾਹਮਣੇ ਆਇਆ, ਜਿੱਥੇ ਕੁੱਝ ਦਿਨ ਪਹਿਲਾਂ ਹੋਏ ਝਗੜੇ ਦੇ ਮਾਮਲੇ ’ਚ 26 ਦਾ ਮਾਮਲਾ ਦਰਜ ਹੋਣ ਮਗਰੋਂ ਪੁਲਿਸ ਗ੍ਰਿਫ਼ਤਾਰੀ ਤੋਂ ਬਚਣ ਲਈ ਛੇ ਨੌਜਵਾਨਾਂ ਨੇ ਦਰਿਆ ਬਿਆਸ ’ਚ ਛਾਲ ਮਾਰ ਦਿੱਤੀ। ਜਿਨ੍ਹਾਂ ’ਚੋਂ ਪੰਜ ਨੌਜਵਾਨ ਤਾਂ ਤੈਰ ਕੇ ਦਰਿਆ ਦੇ ਦੂਜੇ ਪਾਸੇ ਜਾ ਨਿਕਲੇ ਪਰ ਇਕ ਪਾਣੀ ’ਚ ਵਹਿ ਗਿਆ। ਪੁਲਿਸ ਵੱਲੋਂ ਮੌਕੇ ’ਤੇ ਗੋਤਾਖੋਰਾਂ ਨੂੰ ਬੁਲਾ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਤਲਵਾੜਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਾਸੀ ਗੁੱਜਰ ਭਾਈਚਾਰੇ ਦੇ ਮੁਸਤਾਕ ਪੁੱਤਰ ਮੁਹੰਮਦ ਰਫੀ ਨੇ ਪੰਜ ਹੋਰ ਨੌਜਵਾਨਾਂ ਸਮੇਤ ਦਰਿਆ ਬਿਆਸ ’ਚ ਛਾਲ ਲਗਾ ਦਿੱਤੀ ਸੀ, ਜਿਸ ਮਗਰੋਂ ਉਹ ਪਾਣੀ ’ਚ ਵਹਿ ਗਿਆ। ਉਸ ਦੇ ਪਿਤਾ ਮੁਹੰਮਦ ਰਫ਼ੀ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ’ਤੇ ਇਕ ਝਗੜੇ ਕਾਰਨ 26 ਦਾ ਮਾਮਲਾ ਦਰਜ ਹੈ। ਬੁੱਧਵਾਰ ਨੂੰ ਉਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਰੇਡ ਕੀਤੀ, ਜਿਨ੍ਹਾਂ ਨਾਲ ਦੂਜੀ ਧਿਰ ਦੇ ਲੋਕ ਵੀ ਸਨ। ਜਿਨ੍ਹਾਂ ਦੇ ਡਰੋਂ ਉਨ੍ਹਾਂ ਦੇ ਪੁੱਤਰ ਤੇ ਮਾਮਲੇ ’ਚ ਸ਼ਾਮਲ ਪੰਜ ਹੋਰ ਲੋਕਾਂ ਨੇ ਦਰਿਆ ਬਿਆਸ ’ਚ ਛਾਲ ਮਾਰ ਦਿੱਤੀ, ਉਸ ਦੇ ਬਾਕੀ ਸਾਥੀ ਤਾਂ ਦਰਿਆ ਦੇ ਦੂਜੇ ਪਾਸੇ ਜਾ ਨਿਕਲੇ ਪਰ ਉਨ੍ਹਾਂ ਦੇ ਪੁੱਤਰ ਦਾ ਕੁੱਝ ਪਤਾ ਨਹੀਂ ਚੱਲ ਰਿਹਾ ਹੈ। ਦੂਜੇ ਪਾਸੇ ਪੁਲਿਸ ਦੇ ਏਐੱਸਆਈ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਸਤਾਕ ਪੁੱਤਰ ਮੁਹੰਮਦ ਰਫ਼ੀ ’ਤੇ ਇਕ ਝਗੜੇ ਕਾਰਨ 326 ਦਾ ਮਾਮਲਾ ਦਰਜ ਸੀ। ਜਿਸ ਕਾਰਨ ਉਨ੍ਹਾਂ ਅੱਜ ਉਨ੍ਹਾਂ ਦੇ ਘਰ ਰੇਡ ਕੀਤੀ ਸੀ ਪਰ ਘਰ ’ਚ ਕੋਈ ਮੌਜੂਦ ਨਹੀਂ ਸੀ, ਜਿਸ ਕਾਰਨ ਉਹ ਫੋਟੋ ਖਿੱਚ ਕੇ ਵਾਪਸ ਆ ਗਏ ਪਰ ਉਨ੍ਹਾਂ ਦੇ ਬਾਅਦ ਸ਼ਿਕਾਇਤਕਰਤਾ ਪਾਰਟੀ ਨੇ ਖ਼ੁਦ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਮੁਸਤਾਕ ਸਮੇਤ ਛੇ ਨੌਜਵਾਨਾਂ ਨੇ ਉਨ੍ਹਾਂ ਤੋਂ ਬਚਣ ਲਈ ਦਰਿਆ ਬਿਆਸ ’ਚ ਛਾਲ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਮੁਸਤਾਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੰਜ ਨੌਜਵਾਨ ਤੈਰ ਕੇ ਦਰਿਆ ਪਾਰ ਕਰ ਕੇ ਦੂਜੇ ਪਾਸੇ ਚਲੇ ਗਏ, ਜਦਕਿ ਮੁਸਤਾਕ ਪਾਣੀ ’ਚ ਵਹਿ ਗਿਆ ਹੈ। ਉਧਰ, ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਡੀਐੱਸਪੀ ਹਰਿਕ੍ਰਿਸ਼ਨ ਸਿੰਘ ਵੀ ਮੌਕੇ ’ਤੇ ਪੁੱਜ ਗਏ ਤੇ ਗੋਤਾਖੋਰਾਂ ਨੂੰ ਬੁਲਾ ਕੇ ਮੁਸਤਾਕ ਦੀ ਤਲਾਸ਼ ਸ਼ੁਰੂ ਕਰਵਾ ਦਿੱਤੀ ਗਈ। ਪੁਲਿਸ ਨੂੰ ਨਹੀਂ ਦੂਜੀ ਧਿਰ ਨੂੰ ਦੇਖ ਕੇ ਮਾਰੀ ਸੀ ਛਾਲ : ਡੀਐੱਸਪੀ ਉਕਤ ਮਾਮਲੇ ਸਬੰਧੀ ਡੀਐੱਸਪੀ ਸ੍ਰੀ ਹਰਗੋਬਿੰਦਪੁਰ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਗੁੱਜਰਾਂ ਦਾ ਇਕ ਜਿਮੀਦਾਰ ਪਰਿਵਾਰਾਂ ਨਾਲ ਪਿਛਲੇ ਦਿਨੀਂ ਝਗੜਾ ਹੋਇਆ ਸੀ ਤੇ ਉਸ ਮਾਮਲੇ ’ਚ ਕਰਾਸ ਪਰਚਾ ਦਰਜ ਹੋਇਆ ਸੀ। ਉਨ੍ਹਾਂ ਦੱਸਿਆ ਕਿ ਗੁੱਜਰਾਂ ਦੇ ਪਰਿਵਾਰ ਵੱਲ ਅੱਜ ਪੁਲਿਸ ਗਈ ਸੀ ਪਰ ਪੁਲਿਸ ਵਾਪਸ ਆ ਗਈ ਸੀ। ਡੀਐੱਸਪੀ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਪਤਾ ਲੱਗਾ ਕਿ ਗੁੱਜਰਾਂ ਦੇ ਕੁਝ ਵਿਅਕਤੀਆਂ ਨੇ ਦਰਿਆ ਚ ਛਾਲ ਮਾਰ ਦਿੱਤੀ ਹੈ ਤੇ ਇਕ ਨੌਜਵਾਨ ਦਾ ਪਤਾ ਨਹੀਂ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਭਾਲ ਲਈ ਦਰਿਆ ’ਚ ਗੋਤਾਖੋਰ ਟੀਮਾਂ ਲਗਾਈਆਂ ਜਾ ਰਹੀਆਂ ਹਨ ਤੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ। ਗੁਜਰ ਪਰਿਵਾਰ ਦੇ ਨੌਜਵਾਨ ਵੱਲੋਂ ਦਰਿਆ ’ਚ ਛਾਲ ਮਾਰਨ ਦੀ ਘਟਨਾ ਮੰਦਭਾਗੀ : ਨਵਦੀਪ ਪੰਨੂ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਨੇ ਵਾਪਰੀ ਘਟਨਾ ਨੂੰ ਮੰਦਭਾਗੀ ਦੱਸਦਿਆਂ ਕਿਹਾ ਕਿ ਗੁਜਰਾਂ ਦੇ ਛੇ ਵਿਅਕਤੀਆਂ ਵੱਲੋਂ ਦਰਿਆ ’ਚ ਛਾਲ ਮਾਰ ਦਿੱਤੀ ਹੈ ਅਤੇ ਪੰਜ ਪਾਰ ਲੰਘ ਗਏ ਤੇ ਇਕ ਨੌਜਵਾਨ ਦਾ ਪਤਾ ਨਹੀਂ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਦਰਿਆ ’ਚ ਡੁੱਬੇ ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।



