
ਅੰਮ੍ਰਿਤਸਰ, 20 ਅਗਸਤ : ਮਕਬੂਲਪੁਰਾ ਇਲਾਕੇ ਵਿਚ ਪਿਸਤੌਲ ਦੀ ਬਰਾਮਦਗੀ ਦੌਰਾਨ ਬੁੱਧਵਾਰ ਸਵੇਰੇ ਪੁਲਿਸ ਅਤੇ ਗੈਂਗਸਟਰ ਵਿਚਕਾਰ ਹੋਈ ਝੜਪ ਵਿਚ ਰਵੀ ਨਾਮ ਦਾ ਇਕ ਬਦਮਾਸ਼ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਉਸ ਦੀ ਲੱਤ ‘ਤੇ ਗੋਲ਼ੀ ਲੱਗੀ ਹੈ ਅਤੇ ਪੁਲਿਸ ਨੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਦੇ ਨਾਨਕਸਰ ਮੁਹੱਲੇ ਦੇ ਰਹਿਣ ਵਾਲੇ ਰਵੀ ਅਤੇ ਜੋਬਨ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੀਪੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੇ ਕੁਝ ਦਿਨ ਪਹਿਲਾਂ ਬੀ ਡਵੀਜ਼ਨ ਥਾਣੇ ਅਧੀਨ ਆਉਂਦੇ ਸੁਲਤਾਨਵਿੰਡ ਇਲਾਕੇ ਵਿਚ ਇਕ ਵਪਾਰੀ ਦੇ ਘਰ ਗੋਲ਼ੀਬਾਰੀ ਕੀਤੀ ਸੀ। ਪੀੜਤ ਨੇ ਡਰ ਕਾਰਨ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ। ਪਰ ਗੁਆਂਢੀਆਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਸੀ। ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਰਵੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਵਾਰਦਾਤ ਵਿਚ ਵਰਤਿਆ ਗਿਆ 30 ਬੋਰ ਪਿਸਤੌਲ ਮਕਬੂਲਪੁਰਾ ਦੇ ਇਕ ਸੁੰਨਸਾਨ ਇਲਾਕੇ ਵਿਚ ਲੁਕਾਇਆ ਸੀ। ਇਸ ਤੋਂ ਬਾਅਦ ਪੁਲਿਸ ਬੁੱਧਵਾਰ ਸਵੇਰੇ ਰਵੀ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਪਿਸਤੌਲ ਬਰਾਮਦ ਕਰਨ ਲਈ ਉਸ ਦੁਆਰਾ ਦੱਸੀ ਗਈ ਜਗ੍ਹਾ ‘ਤੇ ਪਹੁੰਚ ਗਈ। ਰਵੀ ਨੂੰ ਪਿਸਤੌਲ ਕੱਢਣ ਲਈ ਛੱਡ ਦਿੱਤਾ ਗਿਆ ਸੀ। ਜਿਵੇਂ ਹੀ ਪਿਸਤੌਲ ਉਸ ਦੇ ਹੱਥ ਵਿਚ ਆਇਆ, ਮੁਲਜ਼ਮ ਨੇ ਪੁਲਿਸ ‘ਤੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਟੀਮ ਨੇ ਉਸ ਨੂੰ ਫੜ ਲਿਆ ਅਤੇ ਝੜਪ ਦੌਰਾਨ ਰਵੀ ਗੋਲ਼ੀਬਾਰੀ ਕਾਰਨ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਵਿਦੇਸ਼ ਵਿਚ ਰਹਿ ਰਹੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਹੁਕਮ ‘ਤੇ ਗੋਲ਼ੀਆਂ ਚਲਾ ਕੇ ਪੈਸੇ ਵਸੂਲ ਰਹੇ ਹਨ।



