
ਐੱਸਏਐੱਸ ਨਗਰ, 12 ਅਗਸਤ : ਪਿਛਲੇ ਦਿਨੀਂ ਖਰੜ ਦੇ ਪਿੰਡ ਤੋਲੇ ਮਾਜਰਾ ਵਿਚ ਸੰਦੀਪ ਨਾਂ ਦੇ ਨੌਜਵਾਨ ਦੇ ਘਰ ਹੋਈ ਗੋਲ਼ੀਬਾਰੀ ਦੇ ਮਾਮਲੇ ਵਿਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਅੰਮ੍ਰਿਤਸਰ ਦੇ ਮਜੀਠਾ ਤੋਂ ਕਾਬੂ ਕੀਤਾ ਹੈ। ਹਾਲਾਂਕਿ ਪੁਲਿਸ ਨੇ ਹਾਲੇ ਜਾਂਚ ਜਾਰੀ ਹੋਣ ਦਾ ਹਵਾਲਾ ਦਿੰਦਿਆਂ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਗੁਰੇਜ਼ ਕੀਤਾ ਹੈ। ਪੁਲਿਸ ਸੂਤਰਾਂ ਅਨੁਸਾਰ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਉਮੀਦ ਹੈ ਕਿ ਇਸ ਮਾਮਲੇ ਵਿਚ ਜਲਦੀ ਹੀ ਵੱਡੇ ਖ਼ੁਲਾਸੇ ਹੋ ਸਕਦੇ ਹਨ। ਘਟਨਾ ਪਿਛਲੇ ਮੰਗਲਵਾਰ ਸਵੇਰੇ ਲਗਭਗ 3 ਵਜੇ ਵਾਪਰੀ ਸੀ, ਜਦੋਂ ਸੰਦੀਪ ਦੇ ਘਰ ’ਤੇ 6 ਤੋਂ 7 ਰਾਊਂਡ ਫਾਇਰ ਕੀਤੇ ਗਏ ਸਨ। ਇਸ ਦੌਰਾਨ 3 ਤੋਂ 4 ਗੋਲ਼ੀਆਂ ਘਰ ਦੇ ਬਾਹਰ ਬਰਾਂਡੇ ਵਿਚ ਰੱਖੇ ਕੂਲਰ ’ਤੇ ਲੱਗੀਆਂ ਸਨ, ਜਦਕਿ ਬਾਕੀ ਗੋਲ਼ੀਆਂ ਘਰ ਅੰਦਰ ਖੜ੍ਹੀ ਫਾਰਚੂਨਰ ਕਾਰ ਦੇ ਸ਼ੀਸ਼ੇ ’ਤੇ ਲੱਗੀਆਂ, ਜਿਸ ਨਾਲ ਸ਼ੀਸ਼ਾ ਟੁੱਟ ਗਿਆ। ਪੀੜਤ ਸੰਦੀਪ ਕੁਮਾਰ ਨੇ ਦੱਸਿਆ ਕਿ ਗੋਲ਼ੀਬਾਰੀ ਦੌਰਾਨ ਪੂਰੇ ਪਰਿਵਾਰ ਵਿਚ ਦਹਿਸ਼ਤ ਦਾ ਮਾਹੌਲ ਸੀ ਅਤੇ ਕੋਈ ਵੀ ਬਾਹਰ ਜਾਣ ਦੀ ਹਿੰਮਤ ਨਹੀਂ ਕਰ ਸਕਿਆ। ਸਵੇਰੇ 6 ਵਜੇ ਜਦੋਂ ਬਾਹਰ ਆ ਕੇ ਦੇਖਿਆ ਤਾਂ ਬਰਾਂਡੇ ਵਿਚ ਗੋਲ਼ੀਆਂ ਦੇ ਖੋਲ੍ਹ ਪਏ ਹੋਏ ਸਨ। ਉਨ੍ਹਾਂ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਪੁਲਿਸ ਨੂੰ ਮਿਲੀ ਸੀਸੀਟੀਵੀ ਫੁਟੇਜ ਵਿਚ ਇੱਕ ਵਿਅਕਤੀ ਪੈਦਲ ਆ ਕੇ ਫਾਇਰਿੰਗ ਕਰਦਾ ਦਿਖਾਈ ਦੇ ਰਿਹਾ ਸੀ। ਪੁਲਿਸ ਨੇ ਗੋਲ਼ੀਆਂ ਦੇ ਖਾਲ੍ਹੀ ਖੋਲਾਂ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਇਹ ਗ੍ਰਿਫ਼ਤਾਰੀਆਂ ਹੋਈਆਂ ਹਨ।



