
ਤਰਨਤਾਰਨ, 30 ਮਈ- ਦੋ ਦਿਨ ਦੀ ਛੁੱਟੀ ਉਪਰੰਤ ਕਪੂਰਥਲਾ ਜੇਲ੍ਹ ’ਚ ਡਿਊਟੀ ’ਤੇ ਜਾ ਰਹੇ ਸੀਆਰਪੀਐੱਫ ਦੇ ਜਵਾਨ ਨੂੰ ਗੋਇੰਦਵਾਲ ਬਾਈਪਾਸ ਦੇ ਕੋਲ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਏ ਉਕਤ ਕਰਮਚਾਰੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ। ਸੁਖਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਰਾਜਾਤਾਲ ਜ਼ਿਲ੍ਹਾ ਅੰਮ੍ਰਿਤਸਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਛੋਟਾ ਭਰਾ ਜਸਪਾਲ ਸਿੰਘ (40) ਸੀਆਰਪੀਐੱਫ ਦੀ 245 ਬਟਾਲੀਅਨ ਜਲੰਧਰ ’ਚ ਤਾਇਨਾਤ ਹੈ ਤੇ ਉਸ ਦੀ ਡਿਊਟੀ ਇਸ ਸਮੇਂ ਕਪੂਰਥਲਾ ਜੇਲ੍ਹ ’ਚ ਲੱਗੀ ਹੋਈ ਸੀ। ਜਸਪਾਲ ਸਿੰਘ ਦੋ ਦਿਨ ਦੀ ਛੁੱਟੀ ’ਤੇ ਪਿੰਡ ਰਾਜਾਤਾਲ ਆਇਆ ਤੇ ਛੁੱਟੀ ਉਪਰੰਤ ਸਵੇਰੇ ਕਰੀਬ ਦਸ ਵਜੇ ਜਦੋਂ ਉਹ ਬੁਲਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਪੂਰਥਲਾ ਜੇਲ੍ਹ ਵਾਪਸ ਜਾ ਰਿਹਾ ਸੀ ਤਾਂ ਗੋਇੰਦਵਾਲ ਸਾਹਿਬ ਬਾਈਪਾਸ ਦੇ ਕੋਲ ਅਣਪਛਾਤੇ ਵਾਹਨ ਨੇ ਬੁਲਟ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦਰਾਨ ਸੜਕ ’ਤੇ ਡਿੱਗੇ ਜਸਪਾਲ ਸਿੰਘ ਨੂੰ ਗੰਭੀਰ ਸੱਟਾਂ ਲੱਗ ਗਈਆਂ ਤੇ ਉਸ ਨੇ ਦਮ ਤੋੜ ਦਿੱਤਾ। ਜਾਂਚ ਅਧਿਕਾਰੀ ਏਐੱਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਦਾ ਕਾਰਨ ਬਣੇ ਵਾਹਨ ਚਾਲਕ ਦਾ ਪਤਾ ਲਗਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।



