Punjab

ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼, ਦੋ ਵਿਅਕਤੀ ਪੰਜ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ

ਅੰਮ੍ਰਿਤਸਰ, 28 ਮਾਰਚ-ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਪਾਕਿਸਤਾਨ ਦੀ ਹਮਾਇਤ ਵਾਲੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇਸਦੇ ਦੋ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ੀ ਗੈਂਗਸਟਰ ਲਖਬੀਰ ਲੰਡਾ ਅਤੇ ਸੱਤਾ ਨੌਸ਼ਹਿਰਾ ਦੇ ਸਾਥੀਆਂ ਨੂੰ ਅੱਗੇ ਹਥਿਆਰ ਸਪਲਾਈ ਕਰ ਰਹੇ ਸਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਫਤਿਹ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਵੇਂ ਵਾਸੀ ਪਿੰਡ ਢੱਲਾ, ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਪੰਜ ਅਤਿ-ਆਧੁਨਿਕ ਪਿਸਤੌਲ, ਜਿਨ੍ਹਾਂ ਵਿਚ ਦੋ .30 ਬੋਰ ਪੀਐਕਸ5 ਪਿਸਤੌਲ ਅਤੇ ਸਟਾਰ ਮਾਰਕ ਵਾਲੇ ਤਿੰਨ .30 ਬੋਰ ਪਿਸਤੌਲ ਸ਼ਾਮਲ ਹਨ, ਵੀ ਬਰਾਮਦ ਕੀਤੇ ਹਨ। ਡੀਜੀਪੀ ਨੇ ਕਿਹਾ ਕਿ ਸੀਆਈ ਅੰਮ੍ਰਿਤਸਰ ਦੇ ਤਰਨਤਾਰਨ ਵਿੰਗ ਦੀ ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਦੋਸ਼ੀ ਫਤਿਹ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਪਾਕਿਸਤਾਨ ਅਧਾਰਤ ਤਸਕਰ ਅਮਰ ਵਾਸੀ ਘੜਕ ਨਾਲ ਸਬੰਧ ਹਨ, ਜੋ ਸਰਹੱਦ ਪਾਰੋਂ ਹਥਿਆਰਾਂ/ਗੋਲੀਸਿੱਕੇ ਦੀ ਖੇਪ ਪਹੁੰਚਾਉਣ ਲਈ ਡਰੋਨ ਦੀ ਵਰਤੋਂ ਕਰ ਰਿਹਾ ਹੈ। ਪ੍ਰਾਪਤ ਜਾਣਕਾਰੀ ਤੋਂ ਅੱਗੇ ਪਤਾ ਲੱਗਾ ਕਿ ਮੁਲਜਮ ਫਤਿਹ ਅਤੇ ਗੁਰਪ੍ਰੀਤ ਨੇ ਹਾਲ ਹੀ ਵਿਚ ਗੈਰ-ਕਾਨੂੰਨੀ ਹਥਿਆਰਾਂ/ਗੋਲਾ ਬਾਰੂਦ ਦੀ ਇੱਕ ਵੱਡੀ ਖੇਪ ਹਾਸਲ ਕੀਤੀ ਹੈ ਅਤੇ ਉਨ੍ਹਾਂ ਵੱਲੋਂ ਇਹ ਖੇਪ ਅੰਮ੍ਰਿਤਸਰ ਦੇ ਨਰਾਇਣਗੜ੍ਹ ਵਿਖੇ ਸਰਕਾਰੀ ਸਕੂਲ ਆਫ਼ ਐਮੀਨੈਂਸ ਦੇ ਨੇੜੇ ਪਹੁੰਚਾਉਣ ਦਾ ਸ਼ੱਕ ਹੈ। ਇਸ ਸਬੰਧੀ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਸੀਆਈ ਵਿੰਗ ਤਰਨਤਾਰਨ ਦੀਆਂ ਪੁਲਿਸ ਟੀਮਾਂ ਨੇ ਖੂਫੀਆ ਆਪ੍ਰੇਸ਼ਨ ਚਲਾਇਆ ਅਤੇ ਦੋਵੇਂ ਮੁਲਜ਼ਮਾਂ ਨੂੰ ਪੰਜ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ-ਅਧਾਰਤ ਤਸਕਰ ਅਮਰ ਅਤੇ ਉਸ ਦੇ ਸਾਥੀ ਗੈਂਗਸਟਰ ਲਖਬੀਰ ਸਿੰਘ ਲੰਡਾ ਅਤੇ ਸੱਤਾ ਨੌਸ਼ਹਿਰਾ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਡਰੋਨ ਦੀ ਮਦਦ ਨਾਲ ਆਪਣੇ ਭਾਰਤੀ ਸਾਥੀਆਂ ਨੂੰ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਖੁਲਾਸਾ ਵੀ ਹੋਇਆ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮ ਪਾਕਿਸਤਾਨ-ਅਧਾਰਤ ਤਸਕਰ ਅਮਰ ਦੇ ਲਗਾਤਾਰ ਸੰਪਰਕ ਵਿੱਚ ਸਨ। ਉਨ੍ਹਾਂ ਕਿਹਾ ਕਿ ਇਸ ਨੈੱਟਵਰਕ ਦੇ ਅਗਲੇਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਰਹੀ ਹੈ। ਇਸ ਸਬੰਧੀ ਅਸਲਾ ਪੁਲਿਸ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸਐੱਸਓਸੀ), ਅੰਮ੍ਰਿਤਸਰ ਵਿਖੇਮਾਮਲਾ ਦਰਜ ਕੀਤਾ ਗਈ ਹੈ।

Related Articles

Leave a Reply

Your email address will not be published. Required fields are marked *

Back to top button