ਗੁਰੂਹਰਸਹਾਏ ‘ਚ ਹੈਰਾਨਕੁੰਨ ਮਾਮਲਾ ਆਇਆ ਸਾਹਮਣੇ, ਵਿਅਕਤੀ ਦੀ ਕੀਤੀ ਕੁੱਟਮਾਰ ਤੇ ਮਗਰੋਂ ਪਿਆਈ ਜ਼ਹਿਰੀਲੀ ਚੀਜ਼ , ਮੌਤ

ਗੁਰੂਹਰਸਹਾਏ, 13 ਜੁਲਾਈ : ਗੁਰੂਹਰਸਹਾਏ ਦੇ ਪਿੰਡ ਕੁਟੀ ਮੋੜ ਵਿਖੇ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਅਤੇ ਧੱਕੇ ਨਾਲ ਜ਼ਹਿਰੀਲੀ ਦਵਾਈ ਪਿਆਉਣ ਨਾਲ ਮੌਤ ਹੋ ਗਈ। ਇਸ ਸਨਸਨੀਖੇਜ਼ ਮਾਮਲੇ ਵਿਚ ਪੁਲਿਸ ਨੇ ਦੋ ਭਰਾਵਾਂ, ਹੈਪੀ ਅਤੇ ਹੈਰੀ, ਖਿਲਾਫ ਬੀਐੱਨਐੱਸ ਦੀ ਧਾਰਾ 105(3) ਅਧੀਨ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਗੁਰਪਿਆਰ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਕੁਟੀ ਮੋੜ ਆਪਣੇ ਕੰਮ ਤੋਂ ਘਰ ਵਾਪਸ ਜਾ ਰਿਹਾ ਸੀ। ਰਾਹ ਵਿਚ ਉਸ ਦੀ ਮੁਲਾਕਾਤ ਹੈਪੀ ਅਤੇ ਹੈਰੀ ਨਾਲ ਹੋਈ, ਜਿਨ੍ਹਾਂ ਨੂੰ ਉਹ ਪਹਿਲਾਂ ਤੋਂ ਜਾਣਦਾ ਸੀ। ਤਿੰਨੋਂ ਜਣੇ ਹੈਪੀ ਦੇ ਘਰ ਚਲੇ ਗਏ, ਜਿੱਥੇ ਉਨ੍ਹਾਂ ਨੇ ਮਿਲ ਕੇ ਸ਼ਰਾਬ ਪੀਤੀ। ਇਸ ਦੌਰਾਨ ਹੈਪੀ ਨੇ ਸ਼ਿਕਾਇਤ ਕੀਤੀ ਕਿ ਉਸ ਦੀ ਪਤਨੀ ਸਾਰੀ ਰਾਤ ਫੋਨ ਚਲਾਉਂਦੀ ਹੈ, ਜਿਸ ਕਾਰਨ ਉਸ ਨੂੰ ਨੀਂਦ ਨਹੀਂ ਆਉਂਦੀ। ਗੁਰਪਿਆਰ ਸਿੰਘ ਨੇ ਮਜ਼ਾਕ ਵਿਚ ਕਿਹਾ ਉਸ ਨੂੰ ਵੀ ਦੋ ਪੈੱਗ ਸ਼ਰਾਬ ਪਿਲਾ ਦਿਓ, ਨੀਂਦ ਚੰਗੀ ਆ ਜਾਵੇਗੀ। ਇਸ ਮਜ਼ਾਕ ਨੂੰ ਦੋਵਾਂ ਭਰਾਵਾਂ ਨੇ ਦਿਲ ’ਤੇ ਲੈ ਲਿਆ ਅਤੇ ਗੁਰਪਿਆਰ ਸਿੰਘ ’ਤੇ ਹਮਲਾ ਕਰ ਦਿੱਤਾ। ਪੁਲਿਸ ਨੂੰ ਦਿੱਤੇ ਬਿਆਨ ਵਿਚ ਸਾਹਮਣੇ ਆਇਆ ਕਿ ਦੋਵਾਂ ਭਰਾਵਾਂ ਨੇ ਗੁਰਪਿਆਰ ਸਿੰਘ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਧੱਕੇ ਨਾਲ ਉਸ ਦੇ ਮੂੰਹ ਵਿਚ ਜ਼ਹਿਰੀਲੀ ਦਵਾਈ ਪਾ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਨੇ 12 ਜੂਨ 2025 ਨੂੰ ਰੋਜ਼ਨਾਮਚਾ ਵਿਚ ਰਪਟ ਨੰਬਰ 3 ਦਰਜ ਕੀਤੀ ਸੀ। ਗੁਰਪਿਆਰ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ 12 ਜੁਲਾਈ 2025 ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਂਚਕਰਤਾ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।



