
ਪਟਿਆਲਾ, 11 ਅਗਸਤ : ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਵੇ ਧੜੇ ਦਾ ਪ੍ਰਧਾਨ ਬਣਨ ਤੇ ਤੰਜ ਕਸਦਿਆਂ ਆਖਿਆ ਕਿ ਹਰਪ੍ਰੀਤ ਨੂੰ ਨਵਾਂ ਪ੍ਰਧਾਨ ਬਣਾਉਣਾ ਏਜੰਸੀਆਂ ਦੀਆਂ ਚਾਲਾਂ ਹਨ ਕਿਉਂਕਿ ਇਨ੍ਹਾਂ ਦਾ ਮਕਸਦ ਸ੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਨਾ ਹੈ। ਸੁਖਬੀਰ ਸਿੰਘ ਬਾਦਲ ਅੱਜ ਲੈਂਡ ਪੁਲਿੰਗ ਪਾਲਿਸੀ ਖ਼ਿਲਾਫ਼ ਸ੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਵਿਖੇ ਰੱਖੇ ਇਕੱਠ ਨੂੰ ਸੰਬੋਧਨ ਕਰਨ ਪੁੱਜੇ ਸਨ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਚੰਗਾ ਹੋਇਆ ਸ੍ਰੋਮਣੀ ਅਕਾਲੀ ਦਲ ਦਾ ਗਦਾਰ ਲੀਡਰਾਂ ਤੋ ਖਹਿੜਾ ਛੁਟਿਆ। ਉਨ੍ਹਾਂ ਕਿਹਾ ਕਿ ਮੈਨੂੰ ਲੀਡਰਾਂ ਦੀ ਨਹੀਂ ਸਗੋ ਵਰਕਰਾਂ ਦੀ ਲੋੜ ਹੈ ਜੋ ਕਿ ਪਾਰਟੀ ਦੀ ਰੀੜ ਦੀ ਹੱਡੀ ਹਨ। ਸੁਖਬੀਰ ਬਾਦਲ ਨੇ ਆਖਿਆ ਕਿ ਪੰਜਾਬ ਬਚਾਉਣ ਲਈ ਹੁਣ ਸਮਾਂ ਆ ਗਿਆ ਹੈ ਕਿ ਗਦਾਰਾਂ ਨੂੰ ਪਛਾਣ ਕੇ ਖੇਤਰੀ ਪਾਰਟੀ ਨੂੰ ਮਜਬੂਤ ਕਰੋ ਤਾਂ ਜੋ ਪੰਜਾਬ ਨੂੰ ਮੁੜ ਲੀਹਾਂ ਤੇ ਲਿਆਂਦਾ ਜਾ ਸਕੇ ਕਿਉਂਕਿ ਸਾਰੀ ਪਾਰਟੀਆਂ ਦਿੱਲੀ ਤੋਂ ਚਲਦੀਆਂ ਹਨ ਤੇ ਇਨ੍ਹਾਂ ਦਾ ਮਕਸਦ ਪੰਜਾਬ ਨੂੰ ਲੁੱਟਣਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮਕਸਦ ਵੀ ਇਹੀ ਹੈ ਜਿਸ ਲਈ ਇਨ੍ਹਾਂ ਨੇ ਦਿੱਲੀ ਤੋ ਨਕਾਰੇ ਹੋਏ ਆਗੂ ਪੰਜਾਬ ਸੰਭਾਲਣ ਲਈ ਲ਼ਗਾਏ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਫੋਟੋਆਂ ਖਿਚਵਾਉਣ ਲਈ ਹੀ ਰੱਖਿਆ ਹੋਇਆ ਹੈ ਬਾਕੀ ਕੰਮ ਕੇਜਰੀਵਾਲ ਤੇ ਉਸ ਦੀ ਟੀਮ ਦੇਖਦੀ ਹੈ। ਲੋਕਸਭਾ ਮੈਂਬਰ ਅਮ੍ਰਿਤਪਾਲ ਸਿੰਘ ਦਾ ਨਾਮ ਲਏ ਬਗੈਰ ਬਾਦਲ ਨੇ ਆਖਿਆ ਕਿ ਨਵੇਂ ਬਣੇ ਪੰਥ ਹਤੈਸੀਆਂ ਬਾਰੇ ਸਭ ਨੂੰ ਪਤਾ ਹੈ ਕਿ ਉਨ੍ਹਾਂ ਦੇ ਘਰ ਵਿੱਚ ਹੀ ਨਸ਼ਾ ਵਗਦਾ ਹੈ ਇਸ ਲਈ ਅਜਿਹੇ ਲੋਕਾਂ ਦੇ ਸਬਜਬਾਗ ਵਿੱਚ ਨਾ ਆ ਕੇ ਸਿਰਫ਼ ਸ੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰੋ ਤਾਂ ਕਿ ਖੇਤਰੀ ਪਾਰਟੀ ਹੋਣ ਦੇ ਨਾਤੇ ਪੰਜਾਬ ਨੂੰ ਬਚਾਇਆ ਜਾ ਸਕੇ। ਲੈਡ ਪੁਲਿੰਗੀ ਨੀਤੀ ਖਿਲਾਫ ਸੁਖਬੀਰ ਬਾਦਲ ਨੇ ਆਖਿਆ ਕਿ ਕੇਜਰੀਵਾਲ ਨੇ ਦਿੱਲੀ ਦੇ ਬਿਲਡਰਾ ਨਾਲ ਸਮਝੋਤਾ ਕਰਕੇ ਇਹ ਨੀਤੀ ਲਿਆਂਦੀ ਹੈ ਜਿਨ੍ਹਾਂ ਦਾ ਮਕਸਦ ਪੰਜਾਬ ਨੂੰ ਉਜਾੜਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇੱਕ ਇੰਚ ਜਮੀਨ ਵੀ ਬਿਲਡਿੰਰਾ ਨੂੰ ਨਹੀਂ ਦੇਣ ਦਿੱਤੀ ਜਾਵੇਗੀ। ਇਸ ਮੌਕੇ ਕਈ ਹੋਰਨਾ ਅਕਾਲੀ ਆਗੂਆਂ ਨੇ ਵੀ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਲੈਂਡ ਪਾਲਿਸੀ ਖਿਲਾਫ਼ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।



