ਗਿਆਨੀ ਹਰਪ੍ਰੀਤ ਸਿੰਘ ਦੇ ਗੁਰਬਾਣੀ ਵੇਚਣ ਦੇ ਬਿਆਨ ‘ਤੇ ਧਾਮੀ ਨੇ ਕਿਹਾ- ਚੈਨਲ ਸ਼੍ਰੋਮਣੀ ਕਮੇਟੀ ਨੂੰ ਸਾਲਾਨਾ ਦਿੰਦੈ 2 ਕਰੋੜ ਰੁਪਏ

ਅੰਮ੍ਰਿਤਸਰ, 12 ਸਤੰਬਰ : ਸ਼੍ਰੋਮਣੀ ਅਕਾਲ ਦਲ ਮੁਤਵਾਜੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਚੈਨਲ ਰਾਹੀਂ ਗੁਰਬਾਣੀ ਪ੍ਰਸਾਰਿਤ ਕਰਕੇ ਸੁਖਬੀਰ ਸਿੰਘ ਬਾਦਲ ਵੱਲੋਂ ਗੁਰਬਾਣੀ ਵੇਚਣ ਦੇ ਬਿਆਨ ‘ਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਚੈਨਲ ਸਾਲਾਨਾ 2 ਕਰੋੜ ਰੁਪਏ ਵਿਦਿਆ ਫੰਡ ਦੇ ਰਿਹਾ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਤਰਾਂ ਦੀ ਬਿਆਨਬਾਜੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਚੈਨਲ ਨੂੰ ਗੁਰਦੁਆਰਾ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਨ ਚਲਵਾਉਂਣ ਲਈ ਪੈਸੇ ਦੇਣੇ ਪੈਂਦੇ ਹਨ। ਇਸੇ ਤਰਾਂ ਹੋਰਨਾਂ ਕਮੇਟੀਆਂ ਨੂੰ ਵੀ ਗੁਰਬਾਣੀ ਦੇ ਪ੍ਰਸਾਰਨ ਲਈ ਪੈਸੇ ਦੇਣੇ ਪੈਂਦੇ ਹਨ, ਸਿਰਫ ਸ਼੍ਰੋਮਣੀ ਕਮੇਟੀ ਹੀ ਗੁਰਬਾਣੀ ਦਾ ਪ੍ਰਸਾਰਨ ਕਰਨ ਦੇ ਇਵਜ ‘ਚ ਚੈਨਲ ਤੋਂ ਪੈਸੇ ਲੈ ਰਹੀ ਹੈ। ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵੱਖ-ਵੱਖ ਸੰਸਥਾਵਾਂ, ਜਥੇਬੰਦੀਆਂ, ਕਮੇਟੀਆਂ, ਐਨਜੀਓ ਆਦਿ ਨੂੰ ਭੇਜੀਆਂ ਜਾ ਰਹੀਆਂ ਰਸਦਾਂ ਅਤੇ ਪੈਸੇ ਬਾਰੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਰਸਦਾਂ ਅਤੇ ਪੈਸੇ ਸਹੀ ਹੱਥਾਂ ਵਿਚ ਹੀ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਸੰਸਥਾਵਾਂ ਨੂੰ ਮਾਇਆ ਭੇਜਣੀ ਚਾਹੀਦੀ ਹੈ, ਜੋ ਕਿ ਹਿਸਾਬ ਰੱਖ ਕੇ ਸੇਵਾ ਨਿਭਾ ਰਹੇ ਹਨ, ਤਾਂ ਹੀ ਭੇਜੀ ਹੋਈ ਮਾਇਆ ਸਹੀ ਥਾਈ ਲੱਗ ਸਕੇਗੀ।ਧਾਮੀ ਨੇ ਹੁਣ ਤੱਕ ਕੀਤੇ ਰਾਹਤ ਕਾਰਜਾਂ ਦੀ ਤਫ਼ਸੀਲ ਦੱਸਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ 77 ਲੱਖ 40 ਹਜ਼ਾਰ ਤੋਂ ਵੱਧ ਦਾ ਲੋੜੀਂਦਾ ਸਮਾਨ ਲੋਕਾਂ ਤੱਕ ਪਹੁੰਚਾਇਆ ਹੈ। ਇਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜਿਥੇ ਲੰਗਰ ਦੀਆਂ ਰਸਦਾਂ ਵੱਡੀ ਪੱਧਰ ’ਤੇ ਲੋਕਾਂ ਤੱਕ ਭੇਜੀਆਂ ਗਈਆਂ, ਉਥੇ 23 ਲੱਖ 85 ਹਜ਼ਾਰ ਦਾ ਜ਼ਰੂਰੀ ਸਮਾਨ ਵੀ ਭੇਜਿਆ ਗਿਆ।



