ਗਾਜ਼ਾ ’ਚ ਭੁੱਖਿਆਂ ’ਤੇ ਮੁੜ ਵਰ੍ਹੀਆਂ ਗੋਲ਼ੀਆਂ, 67 ਮਰੇ;
ਸੰਯੁਕਤ ਰਾਸ਼ਟਰ ਦੀ ਰਾਹਤ ਸਮੱਗਰੀ ਦੀ ਕਰ ਰਹੇ ਸੀ ਉਡੀਕ
ਯੇਰੂਸ਼ਲਮ, 21 ਜੁਲਾਈ : ਗਾਜ਼ਾ ’ਚ ਭੁੱਖ ਵਿਸ਼ਾਲ ਰੂਪ ਧਾਰਨ ਕਰਦੀ ਜਾ ਰਹੀ ਹੈ ਤੇ ਇਜ਼ਰਾਇਲੀ ਫ਼ੌਜ ਨੇ ਭੁੱਖਿਆਂ ਦੀ ਭੀੜ ’ਤੇ ਮੁੜ ਗੋਲ਼ੀਆਂ ਚਲਾਈਆਂ, ਜਿਸ ਕਾਰਨ 67 ਲੋਕ ਮਾਰੇ ਗਏ ਹਨ। ਐਤਵਾਰ ਨੂੰ ਖਾਣੇ ਦੀ ਉਡੀਕ ਕਰ ਰਹੇ ਲੋਕਾਂ ਦੀ ਭੀੜ ‘ਤੇ ਫ਼ੌਜ ਨੇ ਫਾਇਰਿੰਗ ਕੀਤੀ। ਪਿਛਲੇ ਦੋ ਮਹੀਨਿਆਂ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਿਚ ਲਗਪਗ ਇਕ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਇਜ਼ਰਾਇਲੀ ਫ਼ੌਜ ਨੇ ਮੱਧ ਗਾਜ਼ਾ ਦੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਲਈ ਕਿਹਾ ਹੈ ਤੇ ਦੱਸਿਆ ਹੈ ਕਿ ਉਹ ਗਾਜ਼ਾ ’ਚ ਆਪਣੀ ਮੁਹਿੰਮ ਨੂੰ ਤੇਜ਼ ਕਰੇਗੀ। ਉੱਤਰੀ ਗਾਜ਼ਾ ’ਚ ਇਜ਼ਰਾਇਲੀ ਫ਼ੌਜੀਆਂ ਨੇ ਉਸ ਵੇਲੇ ਗੋਲ਼ੀਆਂ ਚਲਾਈਆਂ, ਜਦੋਂ ਹਜ਼ਾਰਾਂ ਲੋਕ ਸੰਯੁਕਤ ਰਾਸ਼ਟਰ ਦੀ ਰਾਹਤ ਸਮੱਗਰੀ ਲੈ ਕੇ ਆਉਣ ਵਾਲੇ ਟਰੱਕਾਂ ਦੀ ਉਡੀਕ ਕਰ ਰਹੇ ਸਨ। ਇਸ ਸਮੱਗਰੀ ਵਿਚ ਖਾਣਾ, ਪੀਣ ਵਾਲਾ ਪਾਣੀ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਸ਼ਾਮਲ ਸਨ। ਇਜ਼ਰਾਇਲੀ ਫ਼ੌਜ ਨੇ ਕਿਹਾ ਹੈ ਕਿ ਹੰਗਾਮੇ ਅਤੇ ਹਿੰਸਾ ਦੀ ਸੰਭਾਵਨਾ ਕਾਰਨ ਸਿਰਫ਼ ਚਿਤਾਵਨੀ ਦੇ ਤੌਰ ‘ਤੇ ਹਵਾ ਵਿਚ ਗੋਲ਼ੀਆਂ ਚਲਾਈਆਂ ਗਈਆਂ, ਕਿਸੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਇਸ ਦੌਰਾਨ ਭਗਦੜ ਮਚਣ ਕਾਰਨ ਕੁਝ ਲੋਕ ਮਾਰੇ ਗਏ ਹੋ ਸਕਦੇ ਹਨ। ਨਜ਼ਦੀਕੀ ਹਸਪਤਾਲ ਵਿਚ 67 ਲੋਕਾਂ ਦੇ ਲਾਸ਼ਾਂ ਨੂੰ ਲਿਆਂਦਾ ਗਿਆ ਹੈ ਅਤੇ ਦਰਜਨਾਂ ਲੋਕ ਜ਼ਖਮੀ ਹੋਏ ਹਨ। ਯਾਦ ਰਹੇ ਕਿ ਸ਼ਨਿਚਰਵਾਰ ਨੂੰ ਦੋ ਸਥਾਨਾਂ ‘ਤੇ ਖਾਣਾ ਲੈਣ ਜਾ ਰਹੇ ਲੋਕਾਂ ‘ਤੇ ਫਾਇਰਿੰਗ ’ਚ 42 ਲੋਕ ਮਾਰੇ ਗਏ ਸਨ।ਇਸ ਦੌਰਾਨ ਗਾਜ਼ਾ ਦੇ ਮੱਧ ’ਚ ਸਥਿਤ ਦੀਰ ਅਲ-ਬਲਾਹ ਦੇ ਲੋਕਾਂ ਨੂੰ ਇਜ਼ਰਾਇਲੀ ਫ਼ੌਜ ਨੇ ਇਲਾਕਾ ਛੱਡਣ ਲਈ ਕਿਹਾ ਹੈ। ਇਲਾਕੇ ’ਚ ਇਜ਼ਰਾਇਲੀ ਫ਼ੌਜ ਦੀ ਮੁਹਿੰਮ ਤੇਜ਼ ਹੋਵੇਗੀ। ਐਤਵਾਰ ਨੂੰ ਇਜ਼ਰਾਈਲ ਦੇ ਹਵਾਈ ਹਮਲੇ ਵਿਚ ਇੱਥੋਂ ਦੇ ਤਿੰਨ ਮਕਾਨ ਨਸ਼ਟ ਹੋ ਗਏ। ਇਸ ਹਮਲੇ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ ਅਜੇ ਤੱਕ ਪਤਾ ਨਹੀਂ ਲੱਗੀ। ਜ਼ਿਕਰਯੋਗ ਹੈ ਕਿ ਸੱਤ ਅਕਤੂਬਰ, 2023 ਤੋਂ ਚੱਲ ਰਹੀ ਜੰਗ ’ਚ ਗਾਜ਼ਾ ’ਚ 58 ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ ਅਤੇ 90 ਫ਼ੀਸਦੀ ਤੋਂ ਵੱਧ ਆਬਾਦੀ ਉਜੜ ਚੁੱਕੀ ਹੈ। ਹਜ਼ਾਰਾਂ ਲਾਸ਼ਾਂ ਬੰਬਾਰੀ ਨਾਲ ਨਸ਼ਟ ਹੋਏ ਮਕਾਨਾਂ ਅਤੇ ਇਮਾਰਤਾਂ ਦੇ ਮਲਬੇ ਵਿਚ ਦੱਬੀਆਂ ਹੋਈਆਂ ਹਨ।



