
ਅੰਮ੍ਰਿਤਸਰ, 6 ਜਨਵਰੀ : ਸ਼ਹੂਰਾ ਪਿੰਡ ਵਿਚ ਗਰੀਬੀ ਤੋਂ ਤੰਗ ਆ ਕੇ ਇਕ ਪਿਤਾ ਨੇ ਆਪਣੀਆਂ ਦੋ ਬੇਟੀਆਂ ਸਮੇਤ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ ਹੈ। ਅਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਲਵਪ੍ਰੀਤ ਸਿੰਘ ਨੌਕਰੀ ਨਾ ਮਿਲਣ ਤੋਂ ਪਰੇਸ਼ਾਨ ਸੀ। ਉਸ ਦੀਆਂ ਦੋ ਧੀਆਂ ਅਤੇ ਇਕ ਛੋਟਾ ਪੁੱਤਰ ਹੈ। ਲਵਪ੍ਰੀਤ ਸਿੰਘ ਆਪਣੀ ਪਤਨੀ ਕੁਲਦੀਪ ਕੌਰ ਨੂੰ ਅਟਾਰੀ ਵਿਚ ਕੰਮ ‘ਤੇ ਛੱਡ ਗਿਆ ਸੀ। ਘਰ ਵਾਪਸ ਆਉਣ ‘ਤੇ ਲਵਪ੍ਰੀਤ ਸਿੰਘ ਨੇ ਜ਼ਹਿਰੀਲੀ ਦਵਾਈ ਖਾ ਲਈ ਅਤੇ ਆਪਣੀਆਂ ਧੀਆਂ ਜਸਪ੍ਰੀਤ ਕੌਰ (8) ਅਤੇ ਵੀਰਪਾਲ ਕੌਰ (6) ਨੂੰ ਵੀ ਦਿੱਤੀ। ਉਨ੍ਹਾਂ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਆਈਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।



