
ਬਠਿੰਡਾ, 15 ਜੁਲਾਈ : ਸਥਾਨਕ ਆਦਰਸ਼ ਨਗਰ ’ਚ ਗਲੀ ਵਿਚ ਰਹਿੰਦੇ ਅਵਾਰਾਂ ਕੁੱਤਿਆਂ ਨੂੰ ਭਜਾਉਣ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂ ਟਹਿਲ ਸਿੰਘ ਸੰਧੂ ਤੇ ਉਸ ਦੀ ਪਤਨੀ ਦੀ ਗਲੀ ਦੇ ਅੱਧੀ ਦਰਜਨ ਵਿਅਕਤੀਆਂ ਨੇ ਹਮਲਾ ਕਰਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਾਂਗਰਸੀ ਆਗੂ ਟਹਿਲ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੀ ਗਲੀ ’ਚ ਗਲੀ ਦੇ ਹੀ ਅੱਧੀ ਦਰਜ਼ਨ ਵਿਅਕਤੀਆਂ ਵੱਲੋਂ ਅਵਾਰਾਂ ਕੁੱਤਿਆਂ ਦੇ ਘਰ ਬਣਾ ਕੇ ਉਨ੍ਹਾਂ ਨੂੰ ਰੱਖਿਆ ਹੋਇਆ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਥਰਮਲ ’ਚ ਪਹਿਲਾ ਵੀ ਗਲੀ ਦੇ ਕੁੱਝ ਵਿਅਕਤੀਆਂ ਖ਼ਿਲਾਫ਼ ਇਕ ਦਰਖਾਸਤ ਦਿੱਤੀ ਗਈ ਸੀ। ਜਿਸ ’ਚ ਉਨ੍ਹਾਂ ਵੱਲੋਂ ਇਨ੍ਹਾਂ ਅਵਾਰਾਂ ਕੁੱਤਿਆਂ ਨੂੰ ਗਲੀ ’ਚੋਂ ਬਾਹਰ ਕੱਢਣ ਦੀ ਮੰਗ ਕੀਤੀ ਗਈ ਸੀ, ਉਸ ਸਮੇਂ ਪੁਲਿਸ ਦੀ ਮੌਜੂਦਗੀ ’ਚ ਉਕਤ ਵਿਅਕਤੀਆਂ ਵੱਲੋਂ ਗਲੀ ’ਚੋਂ ਕੁੱਤੇ ਬਾਹਰ ਕੱਢਣ ਦੀ ਸ਼ਰਤ ’ਤੇ ਸਮਝੌਤਾ ਕਰ ਲਿਆ ਗਿਆ ਸੀ। ਜਦ ਉਕਤ ਵਿਅਕਤੀਆਂ ਵੱਲੋਂ ਇਨ੍ਹਾਂ ਅਵਾਰਾਂ ਕੁੱਤਿਆਂ ਨੂੰ ਗਲੀ ’ਚੋਂ ਬਾਹਰ ਨਾ ਕੱਢਿਆ ਤਾਂ ਉਨ੍ਹਾਂ ਵੱਲੋਂ ਇਹ ਦਰਖਾਸਤ ਨਗਰ ਨਿਗਮ ਨੂੰ ਵੀ ਕੀਤੀ ਗਈ ਸੀ ਪ੍ਰੰਤੂ ਉਨ੍ਹਾਂ ਵੱਲੋਂ ਵੀ ਇਸ ਮਾਮਲੇ ’ਚ ਕੁੱਝ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਅਵਾਰਾਂ ਕੁੱਤੇ ਹੁਣ ਤਕ ਬੱਚਿਆਂ ਸਮੇਤ ਅੱਧੀ ਦਰਜ਼ਨ ਦੇ ਕਰੀਬ ਵਿਅਕਤੀਆਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਐਤਵਾਰ ਉਹ ਆਪਣੀ ਪਤਨੀ ਮਨਜੀਤ ਕੌਰ ਨਾਲ ਰਾਤ ਨੂੰ ਗਲੀ ’ਚ ਸੈਰ ਕਰ ਰਹੇ ਸਨ। ਗਲੀ ’ਚ ਚਾਰ ਪੰਜ ਆਵਾਰਾਂ ਕੁੱਤੇ ਫਿਰਦੇ ਸਨ। ਇਨ੍ਹਾਂ ਕੁੱਤਿਆਂ ਨੂੰ ਦੋਸ਼ੀ ਲਵਪ੍ਰੀਤ ਕੌਰ, ਗੁਰਵਿੰਦਰ ਕੌਰ, ਗੁਰਮੀਤ ਕੌਰ, ਸੁਨੀਤਾ, ਮੰਗੀ ਸਿੰਘ ਤੇ ਬਲਜਿੰਦਰ ਸਿੰਘ ਵੱਲੋਂ ਰਹਿਣ ਲਈ ਇੱਟਾਂ ਦੇ ਛੋਟੇ–ਛੋਟੇ ਘਰ ਬਣਾ ਕੇ ਸਾਂਭ–ਸੰਭਾਲ ਕੀਤੀ ਜਾ ਰਹੀ ਸੀ। ਉਨ੍ਹਾਂ ਵੱਲੋਂ ਕੁੱਤਿਆਂ ਨੂੰ ਗਲੀ ’ਚੋਂ ਭਜਾ ਦਿੱਤਾ। ਜਿਸ ਦੀ ਰੰਜਿਸ਼ ਤਹਿਤ ਉਕਤ ਵਿਅਕਤੀਆਂ ਨੇ ਉਨ੍ਹਾਂ ਦੀ ਲੱਤਾ ਮੁੱਕੀਆਂ, ਇੱਟਾਂ ਤੇ ਡੰਡਿਆਂ ਨਾਲ ਹਮਲਾ ਕਰਕੇ ਕੁੱਟਮਾਰ ਕਰ ਦਿੱਤੀ। ਕੁੱਟਮਾਰ ਦੌਰਾਨ ਦੋਸ਼ੀ ਲਵਪ੍ਰੀਤ ਕੌਰ ਵੱਲੋਂ ਉਸ ਦਾ ਐਪਲ ਕੰਪਨੀ ਦਾ ਮੋਬਾਇਲ ਫੋਨ ਵੀ ਖੋਹ ਲਿਆ ਗਿਆ। ਕੁੱਟਮਾਰ ਦੌਰਾਨ ਟਹਿਲ ਸਿੰਘ ਸੰਧੂ ਦੇ ਸਿਰ ’ਚ ਇੱਟ ਵੱਜ ਗਈ, ਜਿਸ ਨੂੰ ਇਲਾਜ ਲਈ ਬਠਿੰਡਾ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਮੁਦਈ ਦੇ ਬਿਆਨਾਂ ’ਤੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।



