
ਗੁਰੂਗ੍ਰਾਮ, 10 ਦਸੰਬਰ : ਹਰਿਆਣਾ ਦੇ ਗੁਰੂਗ੍ਰਾਮ ਵਿੱਚ 27 ਨਵੰਬਰ ਤੋਂ ਲਾਪਤਾ ਔਰਤ ਜਾਵੇਦਾ ਖਾਤੂਨ ਦੇ ਕਤਲ ਦਾ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਪੁਲਿਸ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਜਾਵੇਦਾ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਦੋਸਤ ਨੇ ਹੀ ਕੀਤਾ ਸੀ। ਨਾਜਾਇਜ਼ ਸਬੰਧਾਂ ਕਾਰਨ ਉਸ ਦਾ ਕਤਲ ਹੋਇਆ ਹੈ। ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਜਾਵੇਦਾ ਖਾਤੂਨ 27 ਨਵੰਬਰ ਦੀ ਰਾਤ ਨੂੰ ਦੋਸਤ ਸੰਜੇ ਨੂੰ ਮਿਲਣ ਲਈ ਸੁਸ਼ਾਂਤ ਲੋਕ ਸਥਿਤ ਕਿਰਾਏ ਦੇ ਕਮਰੇ ‘ਤੇ ਗਈ ਸੀ। ਕਮਰੇ ਵਿੱਚ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਸੰਜੇ ਨੇ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਸੰਜੇ ਨੇ ਔਰਤ ਦੀ ਲਾਸ਼ ਨੂੰ ਟਿਕਾਣੇ ਲਗਾ ਦਿੱਤਾ। ਉੱਥੇ ਹੀ, ਪੁਲਿਸ ਨੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਦਿਆਂ ਕਾਤਲ ਸੰਜੇ ਨੂੰ ਸੋਮਵਾਰ ਦੁਪਹਿਰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਸੰਜੇ (26 ਸਾਲ) ਮੂਲ ਰੂਪ ਵਿੱਚ ਰਾਜਸਥਾਨ ਦੇ ਕੋਟਪੂਤਲੀ ਦਾ ਰਹਿਣ ਵਾਲਾ ਹੈ। ਸੈਕਟਰ-29 ਥਾਣਾ ਪੁਲਿਸ ਨੂੰ ਐਤਵਾਰ ਦੁਪਹਿਰ ਰਾਹਗੀਰਾਂ ਨੇ ਕੰਟਰੋਲ ਰੂਮ ਵਿੱਚ ਸੂਚਨਾ ਦਿੱਤੀ ਸੀ ਕਿ ਇਫਕੋ ਚੌਕ ਮੈਟਰੋ ਸਟੇਸ਼ਨ ਨੇੜੇ ਸ਼ਰਾਬ ਦੇ ਠੇਕੇ ਦੇ ਪਿੱਛੇ ਖਾਲੀ ਪਈ ਜ਼ਮੀਨ ‘ਤੇ ਇੱਕ ਔਰਤ ਦੀ ਲਾਸ਼ ਮਿੱਟੀ ਵਿੱਚ ਦੱਬੀ ਹੋਈ ਹੈ। ਇਸ ‘ਤੇ ਥਾਣਾ ਪੁਲਿਸ, ਐੱਫਐੱਸਐੱਲ, ਫਿੰਗਰਪ੍ਰਿੰਟ ਟੀਮਾਂ ਘਟਨਾ ਵਾਲੀ ਥਾਂ ‘ਤੇ ਪਹੁੰਚੀਆਂ ਸਨ। ਪੁਲਿਸ ਨੇ ਮੌਕੇ ‘ਤੇ ਦੇਖਿਆ ਕਿ ਔਰਤ ਦਾ ਚਿਹਰਾ ਹਲਕਾ ਬਾਹਰ ਨਿਕਲਿਆ ਹੋਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਔਰਤ ਦੀ ਲਾਸ਼ ਨੂੰ ਬਾਹਰ ਕੱਢ ਲਿਆ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ, ਔਰਤ ਮੂਲ ਰੂਪ ਵਿੱਚ ਅਸਾਮ ਦੇ ਦਾਰਾਂਗ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਅਤੇ ਇਸ ਸਮੇਂ ਸੁਖਰਾਲੀ ਵਿੱਚ ਆਪਣੀ ਮਹਿਲਾ ਮਿੱਤਰ ਨਾਲ ਕਿਰਾਏ ਦੇ ਕਮਰੇ ਵਿੱਚ ਰਹਿੰਦੀ ਸੀ। ਜਾਂਚ ਵਿੱਚ ਇਹ ਵੀ ਪਤਾ ਲੱਗਾ ਕਿ ਜਾਵੇਦਾ ਦੀ ਮਿੱਤਰ ਨੇ ਸੈਕਟਰ-18 ਥਾਣੇ ਵਿੱਚ ਇੱਕ ਦਸੰਬਰ ਨੂੰ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਇਸ ਵਿੱਚ ਉਸ ਨੇ ਕਿਹਾ ਸੀ ਕਿ ਜਾਵੇਦਾ 27 ਨਵੰਬਰ ਦੀ ਰਾਤ ਆਪਣੇ ਦੋਸਤ ਦੇ ਘਰ ਜਾਣ ਅਤੇ ਦੋ ਘੰਟਿਆਂ ਵਿੱਚ ਆਉਣ ਦੀ ਗੱਲ ਕਹਿ ਕੇ ਗਈ ਸੀ। ਜਦੋਂ ਉਸ ਨੇ ਦੋ ਘੰਟੇ ਬਾਅਦ ਫੋਨ ਮਿਲਾਇਆ ਤਾਂ ਸਵਿੱਚ ਆਫ਼ ਸੀ।
ਪੁਲਿਸ ਨੇ ਕਾਤਲ ਤੋਂ ਕੀਤੀ ਪੁੱਛਗਿੱਛ
ਪੁਲਿਸ ਦੀ ਪੁੱਛਗਿੱਛ ਵਿੱਚ ਕਾਤਲ ਸੰਜੇ ਤੋਂ ਪਤਾ ਲੱਗਾ ਕਿ ਉਹ ਗੁਰੂਗ੍ਰਾਮ ਵਿੱਚ ਏਸੀ ਰਿਪੇਅਰ ਕਰਨ ਦਾ ਕੰਮ ਕਰਦਾ ਹੈ। ਇਸ ਦਾ ਤਾਇਆ ਸੁਸ਼ਾਂਤ ਲੋਕ ਵਿੱਚ ਗਾਰਡ ਦੀ ਨੌਕਰੀ ਕਰਦਾ ਹੈ। ਇਹ ਵੀ ਆਪਣੇ ਤਾਏ ਨਾਲ ਸੁਸ਼ਾਂਤ ਲੋਕ ਵਿੱਚ ਹੀ ਰਹਿੰਦਾ ਹੈ। ਜਾਵੇਦਾ ਖਾਤੂਨ ਇਸ ਦੀ ਮਿੱਤਰ ਸੀ। ਮੁਲਜ਼ਮ ਨੇ ਮਹਿਲਾ ਮਿੱਤਰ ਦਾ ਕਤਲ ਕਰਨ ਦਾ ਜੁਰਮ ਕਬੂਲ ਕਰ ਲਿਆ ਹੈ।



