ਖੰਡਰ ਬਣ ਰਿਹੈ ਭਗੌੜੇ ਸੱਤੇ ਦਾ ‘ਨੋਟਿਸ ਵਾਲਾ ਘਰ’, ਜੰਗਾਲ ਲੱਗਾ ਜਿੰਦਰਾ ਤੇ ਨੋਟਿਸ ਵਾਲਾ ਘਰ ਹੈ ਸੱਤਾ ਨੌਸ਼ਹਿਰਾ ਦਾ ਸਿਰਨਾਵਾਂ

ਨੌਸ਼ਹਿਰਾ, 21 ਅਪ੍ਰੈਲ- ਨੌਸ਼ਹਿਰਾ ਪੰਨੂਆਂ-ਲੋਹਕਾ ਲਿੰਕ ਸੜਕ ‘ਤੇ ਸਥਿਤ ਪਿੰਡ ਨੌਸ਼ਹਿਰਾ ਪੰਨੂਆਂ ਦੇ ਖੇਤਾਂ ਵਿਚ ਅਧੂਰੀ ਉਸਾਰੀ ਵਾਲੇ ਘਰ ‘ਤੇ ਲਟਕਿਆ ਜੰਗਾਲ ਲੱਗਿਆ ਤਾਲਾ ਪਰਿਵਾਰ ਦੀ ਦੁਰਦਸ਼ਾ ਨੂੰ ਦਰਸਾਉਂਦਾ ਹੈ। ਦੱਸਿਆ ਜਾਂਦਾ ਹੈ ਕਿ ਘਰ ਦਾ ਮਾਲਕ ਜਸਵੰਤ ਸਿੰਘ ਆਪਣੀ ਪਤਨੀ ਮਨਜਿੰਦਰ ਕੌਰ ਨਾਲ ਘਰ ਛੱਡ ਕੇ ਚਲਾ ਗਿਆ ਹੋਇਆ ਹੈ। ਵਜ੍ਹਾ ਇਹ ਹੈ ਕਿ ਉਸ ਦੇ ਦੋਵੇਂ ਪੁੱਤਰ ਜੁਰਮ ਦੀ ਦਲਦਲ ਵਿਚ ਏਨੇ ਡੂੰਘੇ ਫਸ ਗਏ ਕਿ ਉਹ ਖੁਦ ਇਸ ਵਿੱਚੋਂ ਨਿਕਲਣ ਦੀ ਬਜਾਏ ਦੂਜਿਆਂ ਨੂੰ ਇਸ ਵਿਚ ਧੱਕਣ ਲੱਗ ਪਏ। ਉਨ੍ਹਾਂ ਵਿੱਚੋਂ ਇੱਕ ਸਤਵੀਰ ਸਿੰਘ ਸੱਤਾ ਹੈ ਜੋ ਕਬੱਡੀ ਖਿਡਾਰੀ ਬਣਨਾ ਚਾਹੁੰਦਾ ਸੀ ਪਰ ਅੱਤਵਾਦੀ ਬਣ ਗਿਆ। ਇਸੇ ਤਰ੍ਹਾਂ ਉਸ ਦੇ ਛੋਟੇ ਭਰਾ ਜਗਜੀਤ ਸਿੰਘ ਜੱਗੀ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸ਼ੁਰੂ ਕਰ ਦਿੱਤੀ ਸੀ। ਸੱਤਾ, ਫਰਾਂਸ ਦੇ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਮਿਲ ਕੇ ਪੰਜਾਬ ਵਿਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ। ਮਾਪੇ ਚਾਰ ਵਰ੍ਹੇ ਪਹਿਲਾਂ ਕਿਤੇ ਗਏ ਸਨ ਤੇ ਫਿਰ ਕਦੇ ਪਿੰਡ ਵਾਪਸ ਨਹੀਂ ਆਏ। ਹੁਣ ਇਸ ਘਰ ਵਿਚ ਸਿਰਫ਼ ਘਾਹ ਬੂਟੀ ਉੱਗੀ ਹੈ ਜਾਂ ਪੁਲਿਸ ਵੱਲੋਂ ਸੱਤੇ ਨੂੰ ਭਗੌੜਾ ਐਲਾਨਣ ਵਾਲਾ ਨੋਟਿਸ। ਸੱਤਾ ਦੇ ਚਾਚਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਦਾ ਇਸ ਪਰਿਵਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਫਿਰ ਵੀ ਪੁਲਿਸ ਸਾਨੂੰ ਹਰ ਰੋਜ਼ ਤੰਗ ਕਰਦੀ ਹੈ। ਸੱਤਾ ਦਾ ਪਤਾ ਪੁੱਛਣ ‘ਤੇ ਉਸ ਨੂੰ ਕਈ ਵਾਰ ਗੈਰ-ਕਾਨੂੰਨੀ ਹਿਰਾਸਤ ਵਿਚ ਰੱਖਿਆ ਗਿਆ ਸੀ। ਗੁਰਪ੍ਰੀਤ ਨੇ ਦੱਸਿਆ ਕਿ ਵੱਡਾ ਭਰਾ ਜਸਵੰਤ ਸਿੰਘ ਆਪਣੀ ਪਤਨੀ ਨਾਲ ਘਰ ਅਤੇ ਜ਼ਮੀਨ ਛੱਡ ਕੇ ਕਿਤੇ ਦੂਰ ਚਲਾ ਗਿਆ। ਦੋਵਾਂ ਨੂੰ ਢਾਈ ਏਕੜ ਜ਼ਮੀਨ ਹਿੱਸੇ ਆਉਂਦੀ ਹੈ। ਉਹ ਆਪਣੇ ਹਿੱਸੇ ਦੀ ਜ਼ਮੀਨ ਦੀ ਖੇਤੀ ਕਰਦਾ ਹੈ ਜਦੋਂ ਕਿ ਜਸਵੰਤ ਦੇ ਹਿੱਸੇ ਦੀ ਜ਼ਮੀਨ ਬੰਜਰ ਹੁੰਦੀ ਜਾਂਦੀ ਹੈ।
ਫਿਰੌਤੀ ਮੰਗਣ ‘ਤੇ ਚਚੇਰੇ ਭਰਾ ਦਾ ਵੀ ਕਤਲ ਕਰ ਦਿੱਤਾ ਗਿਆ ਸੀ
ਪਿੰਡ ਠੱਠੀਆਂ ਮਹੰਤਾਂ ਵਿਚ ਖਾਦ ਵਪਾਰੀ ਪਰਿਵਾਰ ਕੋਲੋਂ ਸੱਤਾ ਨੌਸ਼ਹਿਰਾ ਲਗਾਤਾਰ ਫਿਰੌਤੀ ਮੰਗ ਰਿਹਾ ਹੈ। ਦੁਕਾਨਦਾਰ, ਜਿਸ ਨੇ ਪਹਿਲਾਂ ਇਕ ਵਾਰ ਫਿਰੌਤੀ ਦੀ ਰਕਮ ਅਦਾ ਕਰ ਦਿੱਤੀ ਸੀ, ਨੂੰ ਸੱਤਾ ਦੇ ਚਚੇਰੇ ਭਰਾ ਸੁਖਵਿੰਦਰ ਸਿੰਘ ਨੋਨੀ ਨੇ ਫਿਰੌਤੀ ਲਈ ਰੇਸ਼ਾਨ ਕੀਤਾ। 24 ਨਵੰਬਰ, 2024 ਦੀ ਸ਼ਾਮ ਨੂੰ ਨੋਨੀ ਦਾ ਦੁਕਾਨਦਾਰ ਦੇ ਪਰਿਵਾਰ ਨਾਲ ਸਾਹਮਣਾ ਹੋ ਗਿਆ। ਦੁਕਾਨਦਾਰ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਨੋਨੀ ਦੀ ਮੌਤ ਹੋ ਗਈ। ਹੁਣ ਦੁਕਾਨਦਾਰ ਦੇ ਪਰਿਵਾਰ ਨੂੰ ਸੱਤਾ ਨੌਸ਼ਹਿਰਾ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।



