
ਜਲੰਧਰ, 21 ਸਤੰਬਰ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜਗਤਪੁਰ ਦੇ ਅਗਾਂਹਵਧੂ ਕਿਸਾਨ ਮਹਿੰਦਰ ਸਿੰਘ ਦੁਸਾਂਝ ਨੂੰ ‘ਸਾਇੰਸਦਾਨਾਂ ਦਾ ਸਾਇੰਸਦਾਨ’ ਕਿਹਾ ਜਾ ਸਕਦਾ ਹੈ। ਉਸ ਵੱਲੋਂ ਜੋ ਖੇਤੀ ਅਧਾਰਤ ਖੋਜਾਂ ਕੀਤੀਆਂ ਗਈਆਂ ਹਨ, ਉਨ੍ਹਾਂ ਦਾ ਲਾਹਾ ਦੇਸ਼-ਵਿਦੇਸ਼ ਦੀਆਂ ਯੂਨੀਵਰਸਿਟੀਆਂ ਲੈ ਰਹੀਆਂ ਹਨ ਤੇ ਇਕ ਵੇਸ਼ਸ਼ ਖੋਜ ਲਈ ਉਚੇਚੇ ਤੌਰ ’ਤੇ ਯੂਐੱਨਓ ਵੱਲੋਂ ਐਵਾਰਡ ਵੀ ਦਿੱਤਾ ਗਿਆ ਹੈ। ਪੰਜਾਬੀ ਜਾਗਰਣ ਦੇ ਦਫਤਰ ’ਚ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਖੇਤੀਬਾੜੀ ਖੇਤਰ ਨਾਲ ਜੁੜੇ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਖੇਤੀ ਸਬੰਧੀ ਗਿਆਨ ਪ੍ਰਾਪਤੀ ਤੇ ਕਿਸਾਨਾਂ ਨੂੰ ਇਸ ਦੇ ਲਾਹੇ ਸਮਝਾਉਣ ਖਾਤਰ ਹੀ ਮੈਂ ਇਸ ਪਾਸੇ ਤੁਰਿਆ ਹਾਂ। ਉਨ੍ਹਾਂ ਕਿਹਾ ਕਿ ਇਸ ਵੇਲੇ ਹਰ ਕਿਸਾਨ ਇਹੀ ਮਹਿਸੂਸ ਕਰ ਰਿਹਾ ਹੈ ਕਿ ਪੰਜਾਬ ਦੀ ਖੇਤੀ ਬੁਰੇ ਦੌਰ ’ਚੋਂ ਲੰਘ ਰਹੀ ਹੈ ਤੇ ਇਸ ’ਚੋਂ ਕੋਈ ਮੁਨਾਫਾ ਨਹੀਂ ਖੱਟਿਆ ਜਾ ਸਕਦਾ ਜਦਕਿ ਅਜਿਹਾ ਨਹੀਂ ਹੈ। ਖੇਤੀਬਾੜੀ ਹਮੇਸ਼ਾ ਹੀ ਸੰਭਾਵਨਾਵਾਂ ਭਰਪੂਰ ਕਿੱਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਚਾਰ ਉੱਠਣ ਪਿੱਛੇ ਵੀ ਕਈ ਕਾਰਨ ਹਨ। ਜੇਕਰ ਅੱਜ ਕਿਸਾਨ ਦੁਖੀ ਜਾਂ ਕਰਜ਼ਾਈ ਹੋ ਕੇ ਖੁਦਕੁਸ਼ੀਆਂ ਦੇ ਰਾਹ ਪਿਆ ਹੈ ਤਾਂ ਇਸ ਪਿੱਛੇ ਵੀ ਕਈ ਕਾਰਨ ਹਨ। ਮੈਂ ਖੇਤੀਬਾੜੀ ਦਾ ਪੁਰਾਣਾ ਦੌਰ ਦੇਖਿਆ ਹੈ। ਇਹ 1945 ਦੇ ਨੇੜੇ-ਤੇੜੇ ਦਾ ਦੌਰ ਹੈ। ਹਰੇ ਇਨਕਲਾਬ ਦਾ ਦੌਰ 1960 ’ਚ ਸ਼ੁਰੂ ਹੋਇਆ। ਉਸ ਵੇਲੇ ਇਸ ਤਰ੍ਹਾਂ ਦੀਆਂ ਤਕਨੀਕਾਂ ਵਿਕਸਤ ਨਹੀਂ ਸਨ। ਹੁਣ ਤਕਨੀਕ ਨੇ ਅਤਿਅੰਤ ਵਿਕਾਸ ਕੀਤਾ ਹੈ। ਇਸ ਨਵੇਂ ਤਕਨੀਕੀ ਯੁੱਗ ਨੂੰ ਹਾਂਪੱਖੀ ਸੋਚ ਨਾਲ ਸਮਝਣ ਦੀ ਲੋੜ ਹੈ।• ਅਜੋਕਾ ਦੌਰ ਨਿਰਾਸ਼ਤਾ ਤੇ ਢਾਹੂ ਕਿਸਮ ਦੇ ਵਿਚਾਰਾਂ ਵਾਲਾ ਵੀ ਇਸੇ ਕਰ ਕੇ ਹੈ ਕਿ ਅਸੀਂ ਖੇਤੀ ਖੇਤਰ ਦੀ ਉਪਯੋਗਤਾ ਨਹੀਂ ਸਮਝ ਰਹੇ। ਪੁਰਾਣੇ ਸਮੇਂ ਸਾਰੇ ਕਾਰਜ ਹੱਥੀਂ ਹੁੰਦੇ ਸੀ ਤੇ ਮਸ਼ੀਨਰੀ ਦੀ ਘਾਟ ਸੀ ਪਰ ਕਿਸਾਨ ਫਿਰ ਵੀ ਖੁਸ਼ਹਾਲ ਮਹਿਸੂਸ ਕਰਦਾ ਸੀ। ਸਾਰੇ ਰਲ ਕੇ ਕੰਮ ਕਰਦੇ ਸਨ। ਮੇਰੀ ਖੁਦ ਜੀਵਨ ਸਾਥਣ ਨੇ ਮੇਰੇ ਨਾਲ ਇਸ ਕੰਮ ’ਚ ਹੱਥ ਵਟਾਇਆ ਹੈ। ਹਾਲਾਂਕਿ ਹੁਣ ਕਿਸੇ ਕਿਸਮ ਦੀ ਨਿਰਾਸ਼ਾ ਮਹਿਸੂਸ ਨਹੀਂ ਹੋਣੀ ਚਾਹੀਦੀ। ਹੁਣ ਸਾਰੇ ਕੰਮ ਮਸ਼ੀਨਾਂ ਰਾਹੀਂ ਮਿੰਟੋ-ਮਿੰਟ ਹੋ ਜਾਂਦੇ ਹਨ। ਇਸੇ ਕਾਰਨ ਲੋਕ ਹੱਥੀਂ ਕੰਮ ਕਰਨਾ ਛੱਡ ਰਹੇ ਹਨ। ਇਹੀ ਵਜ੍ਹਾ ਹੈ ਕਿ ਖੇਤੀਬਾੜੀ ’ਚੋਂ ਫਸਲਾਂ ਘੱਟ ਤੇ ਨਿਰਾਸ਼ਤਾ ਜ਼ਿਆਦਾ ਉਪਜ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਸਮਿਆਂ ’ਚ ਮੌਸਮ ਬਾਰੇ ਦੱਸਣ ਦਾ ਕੋਈ ਸਾਧਨ ਨਹੀਂ ਹੁੰਦਾ ਸੀ ਤੇ ਕਿਸਾਨ ਕੁਦਰਤ ਦੇ ਇਸ਼ਾਰਿਆਂ ’ਤੇ ਹੀ ਨਿਰਭਰ ਸੀ ਪਰ ਹੁਣ ਵਸੀਲੇ ਵਧ ਗਏ ਹਨ। ਇਸ ਲਈ ਜੇ ਜਾਣਕਾਰੀ ਦੇ ਵਸੀਲੇ ਵਧੇ ਹਨ ਤਾਂ ਕਿਸਾਨ ਨੂੰ ਗਲੋਬਲਾਈਜੇਸ਼ਨ ਵੱਲ ਧਿਆਨ ਰੱਖ ਕੇ ਹੀ ਸੋਚਣਾ ਚਾਹੀਦਾ ਹੈ।



