
ਖੰਨਾ, 29 ਅਗਸਤ : ਹਾਈ ਕੋਰਟ ਦੇ ਹੁਕਮਾਂ ਤੇ ਅੱਜ ਪਾਇਲ ਦੇ ਪਿੰਡ ਰੌਣੀ ’ਚ ਖੇਤੀਬਾੜੀ ਸਭਾ ਦੀਆਂ ਚੋਣਾਂ ਹੋਈਆਂ। ਚੋਣਾਂ ਦੌਰਾਨ ਵੱਖ ਵੱਖ ਧੜਿਆਂ ’ਚ ਹੰਗਾਮਾ ਹੋਇਆ ਪਰ ਕਿਸੇ ਤਰ੍ਹਾਂ ਦੀ ਵੱਡੀ ਘਟਨਾ ਤੋਂ ਬਚਾਅ ਰਿਹਾ। ਦੱਸਣਯੋਗ ਹੈ ਕਿ ਵੋਟਿੰਗ ਦੌਰਾਨ ਜਦੋਂ ਵੋਟਰ ਆਪਣੀ ਵੋਟ ਪਾਉਣ ਆਏ ਤਾਂ ਕੁਝ ਵੋਟਾਂ ਕੱਟੀਆਂ ਗਈਆਂ, ਜਿਸ ਨੂੰ ਦੇਖ ਕੇ ਉਹ ਨਿਰਾਸ਼ ਹੋ ਗਏ। ਜਦੋਂ ਪਿੰਡ ’ਚ ਇਹ ਖ਼ਬਰ ਫੈਲੀ ਤਾਂ ਲੋਕਾਂ ਨੇ ਚੋਣਾਂ ’ਚ ਧਾਂਦਲੀ ਦਾ ਦੋਸ਼ ਲਗਾ ਕੇ ਹੰਗਾਮਾ ਕੀਤਾ ਅਤੇ ਮੰਗ ਕੀਤੀ ਕਿ ਚੋਣਾਂ ਦੁਬਾਰਾ ਪੁਰਾਣੀ ਵੋਟਰ ਸੂਚੀ ਅਨੁਸਾਰ ਕਰਵਾਈਆਂ ਜਾਣ ਪਰ ਪ੍ਰਸ਼ਾਸਨ ਅਨੁਸਾਰ ਚੋਣਾਂ ਹਾਈ ਕੋਰਟ ਦੇ ਹੁਕਮਾਂ ਤੇ ਹੋ ਰਹੀਆਂ ਹਨ, ਇਸ ਲਈ ਪੁਲਿਸ ਦੀ ਮੱਦਦ ਨਾਲ ਚੋਣਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਲੋਕਾਂ ਨੇ ਚੋਣਾਂ ’ਚ ਧਾਂਦਲੀ ਦਾ ਦੋਸ਼ ਲਗਾਇਆ ਹੈ ਜਦੋਂਕਿ ਪ੍ਰਸ਼ਾਸਨ ਨੇ ਕਿਸੇ ਵੀ ਧਾਂਦਲੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਦਲ ਦੇ 8 ਉਮੀਦਵਾਰਾਂ ਨੇ ਚੋਣਾਂ ਜਿੱਤ ਲਈਆਂ ਹਨ, ਜਿਸ ਤੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਜਸ਼ਨ ਮਨਾਇਆ। ਦੂਜੇ ਪਾਸੇ ਕਾਂਗਰਸ ਦੇ 2 ਉਮੀਦਵਾਰਾਂ ਤੇ ਆਮ ਆਦਮੀ ਪਾਰਟੀ ਦੇ 1 ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ।



