ਖੂਨ ਹੋਇਆ ਸਫੇਦ, ਛੋਟੀ ਭੈਣ ਦਾ ਗਲਾ ਦਬਾ ਕੇ ਕੀਤੀ ਹੱਤਿਆ, ਮਾਂ ਦੀ ਸ਼ਿਕਾਇਤ ‘ਤੇ ਪੁੱਤਰ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ

ਲੁਧਿਆਣਾ, 23 ਮਾਰਚ-ਸ਼ਾਦੀ ਸ਼ੁਦਾ ਔਰਤ ਨਾਲ ਰਹਿ ਰਹੇ ਨੌਜਵਾਨ ਨੇ ਆਪਣੀ ਛੋਟੀ ਭੈਣ ਦਾ ਗਲਾ ਦਬਾ ਕੇ ਉਸਦੀ ਹੱਤਿਆ ਕਰ ਦਿੱਤੀ। ਇਸ ਮਾਮਲੇ ਵਿੱਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਮੁਹੱਲਾ ਪ੍ਰੀਤ ਨਗਰ ਦੀ ਰਹਿਣ ਵਾਲੀ ਆਸ਼ਾ ਰਾਣੀ ਦੀ ਸ਼ਿਕਾਇਤ ਤੇ ਉਸਦੇ ਬੇਟੇ ਪ੍ਰਿੰਸ ਦੇ ਖਿਲਾਫ ਕਤਲ ਦਾ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਮ੍ਰਿਤਕਾ ਜੋਤੀ (23) ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਆਸ਼ਾ ਰਾਣੀ ਨੇ ਦੱਸਿਆ ਕਿ ਉਸਦਾ ਛੋਟਾ ਬੇਟਾ ਪ੍ਰਿੰਸ (25) ਅੰਮ੍ਰਿਤਸਰ ਦੇ ਰਈਆ ਇਲਾਕੇ ਵਿੱਚ ਇੱਕ ਸ਼ਾਦੀਸ਼ੁਦਾ ਔਰਤ ਨਾਲ ਰਹਿ ਰਿਹਾ ਹੈ। ਪ੍ਰਿੰਸ ਉਨਾਂ ਕੋਲੋਂ ਜਾਇਦਾਦ ਦਾ ਹਿੱਸਾ ਮੰਗ ਰਿਹਾ ਸੀ। ਕੁਝ ਦਿਨ ਪਹਿਲੋਂ ਸ਼ਾਮ ਵੇਲੇ ਉਹ ਘਰ ਆਇਆ ਅਤੇ ਜ਼ਮੀਨ ਦੇ ਹਿੱਸੇ ਨੂੰ ਲੈ ਕੇ ਝਗੜਾ ਕਰਨ ਲੱਗ ਪਿਆ। ਬਹਿਸ ਤੋਂ ਬਾਅਦ ਉਸਨੇ ਆਪਣੀ ਛੋਟੀ ਭੈਣ ਜੋਤੀ ਦਾ ਗਲਾ ਦਬਾ ਕੇ ਉਸ ਦਾ ਕਤਲ ਕਰ ਦਿੱਤਾ। ਲੜਕੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਪ੍ਰਿੰਸ ਮੌਕੇ ਤੋਂ ਫਰਾਰ ਹੋ ਗਿਆ। ਉਧਰੋਂ ਇਸ ਮਾਮਲੇ ਵਿੱਚ ਥਾਣਾ ਸ਼ਿਮਲਾਪੁਰੀ ਦੇ ਇੰਚਾਰਜ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਆਸ਼ਾ ਰਾਣੀ ਦੀ ਸ਼ਿਕਾਇਤ ਤੇ ਉਸ ਦੇ ਬੇਟੇ ਪ੍ਰਿੰਸ ਦੇ ਖ਼ਿਲਾਫ਼ ਕਤਲ ਦਾ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਦੇ ਮੁਤਾਬਕ ਮੁਲਜਮ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।



