‘ਖ਼ਬਰਦਾਰ! 25 ਸਾਲਾਂ ਤੋਂ ਘੱਟ ਨੂੰ ਜੇ ਪਿਆਈ ਸ਼ਰਾਬ- ਡੀਸੀ
ਡੀਸੀ ਦੀ ਹੋਟਲਾਂ, ਰੈਸਟੋਰੈਂਟਾਂ, ਬਾਰ-ਪੱਬਾਂ ਨੂੰ ਚਿਤਾਵਨੀ

ਜਗਰਾਓਂ, 29 ਦਸੰਬਰ : ਖ਼ਬਰਦਾਰ ! ਜੇ ਹੁਣ ਕਿਸੇ ਵੀ ਹੋਟਲ, ਰੈਸਟੋਰੈਂਟ, ਢਾਬੇ, ਬਾਰ ਜਾਂ ਪੱਬ ’ਚ 25 ਸਾਲਾਂ ਤੋਂ ਘੱਟ ਦੇ ਕਿਸੇ ਵੀ ਵਿਅਕਤੀ ਨੂੰ ਪੈਗ ਪਾਇਆ ਗਿਆ ਤਾਂ ਉਸ ਦੀ ਖ਼ੈਰ ਨਹੀਂ। ਇਸ ਦੇ ਲਈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਚਿਤਾਵਨੀ ਦਿੰਦਿਆਂ ਉਲੰਘਣਾ ਕਰਨ ’ਤੇ ਸਜ਼ਾ ਭੁਗਤਣ ਲਈ ਤਿਆਰ ਰਹਿਣ ਦਾ ਕਹਿ ਦਿੱਤਾ ਹੈ। ਹਾਲਾਂਕਿ ਹੋਰਾਂ ਪਾਬੰਦੀਆਂ ਵਾਂਗ ਇਹ ਫ਼ਰਮਾਨ ਵੀ ਚਾਹੇ ਸਰਕਾਰੀ ਦਫ਼ਤਰਾਂ ਦੀ ਫਾਈਲਾਂ ਦਾ ‘ਸ਼ਿੰਗਾਰ’ ਬਣ ਕੇ ਰਹਿ ਜਾਵੇ, ਪਰ ਇਸ ਨੂੰ ਫ਼ਿਲਹਾਲ ਲਾਗੂ ਕਰਨ ਦਾ ਦਾਅਵਾ ਕਰਦਿਆਂ ਚੈਕਿੰਗ ਲਈ ਡੀ.ਸੀ. ਵੱਲੋਂ ਐੱਸ.ਡੀ.ਐੱਮ., ਏ.ਸੀ.ਪੀ. ਆਬਕਾਰੀ ਅਤੇ ਖੁਰਾਕ ਸੁਰੱਖਿਆ ਅਧਿਕਾਰੀਆਂ ਦੀ ਅਗਵਾਈ ਵਾਲੀਆਂ ਟੀਮਾਂ ਦਾ ਵੀ ਗਠਨ ਕੀਤਾ ਹੈ। ਐਤਵਾਰ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਪ੍ਰੈੱਸ ਨੋਟ ਰਾਹੀਂ ਦਾਅਵਾ ਕੀਤਾ ਗਿਆ ਕਿ ਆਬਕਾਰੀ ਨਿਯਮਾਂ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਲਈ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਸਾਫ ਕਿਹਾ ਜ਼ਿਲ੍ਹੇ ਭਰ ’ਚ ਕਿਸੇ ਵੀ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ, ਬਾਰਾਂ ਅਤੇ ਪੱਬਾਂ ’ਤੇ ਨਾਬਾਲਿਗ ਜਾਂ 25 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਸ਼ਰਾਬ ਪਰੋਸੀ ਗਈ ਤਾਂ ਸਖ਼ਤ ਕਾਰਵਾਈ ਹੋਵੇਗੀ।
ਬਿਨਾਂ ਇਜਾਜ਼ਤ ਲਾਈਵ ਸ਼ੋਅ ਤੇ ਡੀਜੇ ਪਾਰਟੀਆਂ ’ਤੇ ਵੀ ਰਹੇਗੀ ਨਜ਼ਰ
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਲਾਈਵ ਸ਼ੋਅ ਤੇ ਡੀਜੇ ਪਾਰਟੀਆਂ ’ਚ ਬਿਨਾਂ ਪਰਮੀਸ਼ਨ ਸ਼ਰਾਬ ਪਰੋਸਨ ਦੇ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਹਨ, ਜੋ ਚਿੰਤਾਜਨਕ ਹਨ। ਇਨ੍ਹਾਂ ਥਾਵਾਂ ’ਤੇ ਬਿਨਾਂ ਇਜਾਜ਼ਤ ਸ਼ਰਾਬ, ਬੀਅਰ ਪਰੋਸੀ ਜਾਂਦੀ ਹੈ, ਜਿਸ ਕਾਰਨ ਕਾਨੂੰਨ ਵਿਵਸਥਾ ਵੀ ਵਿਗੜਦੀ ਹੈ। ਅਜਿਹੀਆਂ ਥਾਵਾਂ ’ਤੇ ਵੀ ਗਠਨ ਕੀਤੀਆਂ ਟੀਮਾਂ ਨਜ਼ਰ ਰੱਖਣਗੀਆਂ ਤੇ ਕਾਰਵਾਈ ਕਰਨਗੀਆਂ। ਉਨ੍ਹਾਂ ਬਿਨਾਂ ਇਜਾਜ਼ਤ ਸ਼ਰਾਬ ਪਰੋਸਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਪ੍ਰਸ਼ਾਸਨ ਦੀ ਉਨ੍ਹਾਂ ’ਤੇ ਤਿੱਖੀ ਨਜ਼ਰ ਹੈ।
ਆਵਾਜ਼ ਪ੍ਰਦੂਸ਼ਣ ’ਤੇ ਵੀ ਪ੍ਰਸ਼ਾਸਨ ਹੋਇਆ ਸਖ਼ਤ
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸੂ ਜੈਨ ਨੇ ਉਚੀ ਆਵਾਜ਼ ’ਚ ਡੀਜੇ ਲਗਾਉਣ ਸਮੇਤ ਮਨੋਰਜੰਨ ਦੇ ਸਾਧਨਾਂ ਜਿਸ ਕਾਰਨ ਆਵਾਜ਼ ਪ੍ਰਦੂਸ਼ਣ ਫੈਲਦਾ ਹੈ ’ਤੇ ਵੀ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉੱਚੀ ਆਵਾਜ਼ ’ਚ ਸੰਗੀਤ, ਡੀਜੇ ਸੈਸ਼ਨ ਤੇ ਪਾਰਟੀਆਂ ਨਿਰਧਾਰਤ ਸਮੇਂ ’ਤੇ ਬੰਦ ਹੋ ਜਾਣੀਆਂ ਚਾਹੀਦੀਆਂ ਹਨ ਤੇ ਇਨ੍ਹਾਂ ਸਮਾਗਮਾਂ ’ਚ ਮਿਊਜ਼ਿਕ ਦੀ ਆਵਾਜ਼ ਤੈਅ ਮਾਪਦੰਡਾਂ ਅਨੁਸਾਰ ਹੋਣੀ ਚਾਹੀਦੀ ਹੈ।



