ਫ਼ਿਰੋਜ਼ਪੁਰ, 29 ਜਨਵਰੀ (ਬਾਲ ਕਿਸ਼ਨ)– 26 ਜਨਵਰੀ ਗਣਤੰਤਰ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਿਸੇ ਸ਼ਰਾਰਤੀ ਅਨਸਰ ਵਲੋਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦੇ ਬੁੱਤ ’ਤੇ ਹਥੌੜੇ ਮਾਰ ਤੋੜਨ ਦੀ ਕੋਸ਼ਿਸ਼ ਕਰਨ ਅਤੇ ਬਣੇ ਸੰਵਿਧਾਨ ਨੂੰ ਅੱਗ ਲਾਉਣ ਦੇ ਰੋਸ ਵਜੋਂ ਅੱਜ ਵਾਲਮੀਕਿ ਸਮਾਜ ਦੀਆਂ ਵੱਖ–ਵੱਖ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਅਤੇ ਐੱਸ.ਪੀ.ਡੀ. ਰਣਧੀਰ ਕੁਮਾਰ ਨੂੰ ਮੰਗ ਪੱਤਰ ਸੌਂਪ ਫ਼ਿਰੋਜ਼ਪੁਰ ਮੁਕੰਮਲ ਬੰਦ ਕਰਨ ਦੀ ਜਾਣਕਾਰੀ ਦਿੱਤੀ ਗਈ। ਆਦਿ ਧਰਮ ਸਮਾਜ (ਆਧਸ) ਤੋਂ ਸ਼ਾਮ ਲਾਲ ਭੰਗੀ, ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਜ਼ਿਲ੍ਹਾ ਪ੍ਰਧਾਨ ਪਿੱਪਲ ਸਹੋਤਾ, ਆਧਸ ਤੋਂ ਮੁਕੇਸ਼ ਮੇਘਨਾਥ ਨੇ ਦੱਸਿਆ ਕਿ ਗਣਤੰਤਰ ਦਿਵਸ ਮੌਕੇ ਜਿੱਥੇ ਚੱਪੇ–ਚੱਪੇ ’ਤੇ ਪੁਲਿਸ ਤਾਇਨਾਤ ਸੀ, ਫਿਰ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵਰਗੇ ਵੱਡੇ ਸ਼ਹਿਰ ’ਚ ਦਿਨ–ਦਿਹਾੜੇ ਇਕ ਸ਼ਰਾਰਤੀ ਅਨਸਰ ਵਲੋਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਹਥੌੜੇ ਮਾਰ ਕੇ ਤੋੜਨ ਦੀ ਕੋਸ਼ਿਸ਼ ਕਰਨਾ ਅਤੇ ਚੌਂਕ ’ਤੇ ਬਣੇ ਸੰਵਿਧਾਨ ਦੇ ਬੁੱਤ ਨੂੰ ਅੱਗ ਲਗਾਉਣਾ ਬਹੁਤ ਵੱਡੀ ਸਾਜਿਸ਼ ਦਾ ਹਿੱਸਾ ਹੈ। ਆਗੂਆਂ ਨੇ ਕਿਹਾ ਕਿ ਉਕਤ ਸ਼ਰਾਰਤੀ ਨੌਜਵਾਨ ਸਿਰਫ਼ ਇਕ ਕੱਠਪੁਤਲੀ ਹੈ, ਜਦਕਿ ਇਸਦੇ ਸਾਜਿਸ਼ਕਾਰ ਕੋਈ ਹੋਰ ਹਨ, ਜੋ ਪੂਰੇ ਭਾਰਤ ਵਿਚ ਤਨਾਅ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਭਰ ਦੀਆਂ ਵਾਲਮੀਕਿ ਸਮਾਜ ਦੀਆਂ ਵੱਖ–ਵੱਖ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਸ਼ਹਿਰ ਬੰਦ ਦੇ ਸੱਦੇ ਅਨੁਸਾਰ ਕੱਲ੍ਹ 30 ਜਨਵਰੀ ਨੂੰ ਮੈਡੀਕਲ ਸੁਵਿਧਾਵਾਂ ਨੂੰ ਛੱਡ ਕੇ ਫ਼ਿਰੋਜ਼ਪੁਰ ਮੁਕੰਮਲ ਬੰਦ ਰਹੇਗਾ ਤਾਂ ਜੋ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵਾਲਮੀਕਿ ਜਥੇਬੰਦੀਆਂ ਦੇ ਰੋਸ ਨੂੰ ਵੇਖ ਅਸਲ ਸਾਜਿਸ਼ਕਾਰ ਦਾ ਪਤਾ ਲਗਾ ਜੇਲ੍ਹਾਂ ਵਿਚ ਡੱਕ ਸਕੇ।



