
ਤਰਨ ਤਾਰਨ, 10 ਮਾਰਚ- ਤਰਨਤਾਰਨ ਦੇ ਪਿੰਡ ਕੱਕਾ ਕੰਡਿਆਲਾ ਵਾਸੀ ਇਕ ਨੌਜਵਾਨ ਕੋਲੋਂ ਵਿਦੇਸ਼ੀ ਨੰਬਰ ਰਾਂਹੀ 20 ਲੱਖ ਰੁਪਏ ਦੀ ਫਿਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਫਿਰੋਤੀ ਦੀ ਰਕਮ ਨਾ ਮਿਲਣ ਦੀ ਸੂਰਤ ’ਚ ਉਕਤ ਨੌਜਵਾਨ ਦੇ ਘਰ ਦੇ ਦਰਵਾਜੇ ’ਤੇ ਗੋਲੀਆਂ ਵੀ ਮਾਰੀਆਂ ਗਈਆਂ। ਹਾਲਾਂਕਿ ਪੁਲਿਸ ਨੇ ਉਕਤ ਘਟਨਾ ਸਬੰਧੀ ਪਿੰਡ ਦੇ ਹੀ ਇਕ ਨੌਜਵਾਨ ਸਣੇ ਪੰਜ ਹੋਰ ਅਣਪਛਾਤਿਆਂ ਖਿਲਾਫ ਕੇਸ ਦਰਜ਼ ਕਰ ਲਿਆ ਹੈ। ਹਰਦੇਵ ਸਿੰਘ ਵਾਸੀ ਕੱਕਾ ਕੰਡਿਆਲਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸਦੇ ਲੜਕੇ ਦੇ ਮੋਬਾਈਲ ’ਤੇ ਵਿਦੋਸ਼ੀ ਨੰਬਰ ਤੋਂ ਫੋਨ ਆਇਆ ਅਤੇ ਅੱਗੋਂ ਬੋਲਣ ਵਾਲੇ ਨੇ ਆਪਣਾ ਨਾਂ ਸੁਲਤਾਨ ਬੱਲ ਦੱਸਿਆ। ਜਿਸਨੇ ਉਸ ਕੋਲੋਂ 20 ਲੱਖ ਦੀ ਫਿਰੋਤੀ ਮੰਗੀ ਅਤੇ ਪੈਸੇ ਨਾ ਦੇਣ ਦੀ ਸੂਰਤ ’ਚ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ। ਉਨ੍ਹਾਂ ਨੇ ਧਮਕੀ ਦੇਣ ਵਾਲੇ ਨੂੰ ਕਿਹਾ ਕਿ ਉਹ ਉਸਦੀ ਮੰਗ ਪੂਰੀ ਕਰ ਦੇਣਗੇ। ਫਿਰ ਉਸਨੇ ਆਪਣੇ ਬੈਂਕ ਖਾਤੇ ਵਿੱਚੋਂ ਕੁਝ ਪੈਸੇ ਕਢਵਾ ਲਏ। ਪਰ ਉਸਦਾ ਸਾਰਾ ਪਰਿਵਾਰ ਬਹੁਤ ਸਹਿਮਿਆ ਰਿਹਾ। ਫਿਰ 22 ਫਰਵਰੀ ਨੂੰ ਸਵੇਰੇ ਸਾਢੇ 9 ਵਜੇ ਉਸਦੇ ਲੜਕੇ ਦੇ ਫੋਨ ’ਤੇ ਦੁਬਾਰਾ ਫੋਨ ਆਇਆ ਤੇ 20 ਲੱਖ ਦੀ ਮੰਗ ਕੀਤੀ ਗਈ। ਜਿਸਦੇ ਚੱਲਦਿਆਂ ਉਹ ਸਾਰਾ ਪਰਿਵਾਰ ਘਰੋਂ ਨਾ ਨਿਕਲਿਆ। ਦੋ, ਤਿੰਨ ਦਿਨ ਬਾਅਦ ਉਨ੍ਹਾਂ ਦੇ ਪਿੰਡ ਦਾ ਹੀ ਮਹਿਕਦੀਪ ਸਿੰਘ ਪੁੱਤਰ ਸਤਨਾਮ ਸਿੰਘ ਉਨ੍ਹਾਂ ਦੇ ਘਰ ਆਇਆ ਤਾਂ ਉਨ੍ਹਾਂ ਨੇ ਉਸ ਨੂੰ ਸਾਰੀ ਗੱਲ ਦੱਸੀ। ਉਸਨੇ ਆਪਣੇ ਫੋਨ ਤੋਂ ਫਿਰੋਤੀ ਮੰਗਣ ਵਾਲਿਆਂ ਨਾਲ ਗੱਲ ਕਰਵਾਈ, ਜਿਸ ਨਾਲ ਉਦੋਂ ਪੰਜ ਹੋਰ ਅਣਪਛਾਤੇ ਵੀ ਸਨ। ਉਸਨੇ ਮਹਿਕਦੀਪ ਸਿੰਘ ਤੇ ਉਸਦੇ ਸਾਥੀਆਂ ਨੂੰ 50 ਹਜਾਰ ਰੁਪਏ ਦੇ ਦਿੱਤੇ। ਫਿਰ 4 ਮਾਰਚ ਨੂੰ ਰਾਤ ਕਰੀਬ 10 ਵਜੇ ਇਕ ਮੋਟਰਸਾਈਕਲ ’ਤੇ ਤਿੰਨ ਅਤੇ ਐਕਟਿਵਾ ’ਤੇ 2 ਨੌਜਵਾਨ ਉਸਦੇ ਘਰ ਅੱਗੋਂ ਲੰਘੇ। ਅੱਗੇ ਜਾ ਕੇ ਤਿੰਨ ਨੌਜਵਾਨ ਪੈਦਲ ਵਾਪਸ ਆਏ ਅਤੇ ਉਸਦੇ ਘਰ ਦੇ ਗੇਟ ’ਤੇ ਗੋਲੀਆਂ ਚਲਾਈਆਂ। ਉਕਤ ਸਾਰੇ ਮਾਮਲੇ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਕੇਸ ਦਰਜ਼ ਕਰਕੇ ਮਹਿਕਦੀਪ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਹੈ। ਇਸ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਕੁਲਬੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।



