Punjab

ਕੰਢੀ ਪਿੰਡ ਸਾਰੰਗਵਾਲ ’ਚ ਵੱਡੀ ਪੱਧਰ ‘ਤੇ ਮਿਲੇ ਸਾਂਭਰਾਂ ਦੇ ਸਿਰ, ਖੱਲਾਂ ਤੇ ਹੱਡੀਆਂ ਮਿਲਣ ਤੋਂ ਬਾਅਦ ਹਿੱਲਿਆ ਪ੍ਰਸ਼ਾਸਨ

ਹੁਸ਼ਿਆਰਪੁਰ, 16 ਫਰਵਰੀ- ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ ਅਧੀਨ ਪੈਂਦੇ ਪਿੰਡ ਸਾਰੰਗਵਾਲ ਦੇ ਜੰਗਲਾਂ ਵਿਚ ਸ਼ਿਕਾਰ ਕਰਕੇ ਮਾਰੇ ਗਏ ਜਾਨਵਰਾਂ ਦੀਆਂ ਖੱਲਾਂ, ਹੱਡ, ਤਾਜੇ ਮਾਰੇ ਜਾਨਵਰਾਂ ਦੇ ਸਰੀਰ ਮਿਲਣ ਨਾਲ ਨਾ ਸਿਰਫ਼ ਜੰਗਲਾਤ ਵਿਭਾਗ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਬਲਕਿ ਜ਼ਿਲ੍ਹੇ ਦਾ ਪੂਰਾ ਪ੍ਰਸ਼ਾਸਨ ਹਿੱਲ ਗਿਆ। ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਘੁੱਗ ਵਸੇ ਪਿੰਡਾਂ ਵਿਚ ਸਾਂਭਰ ਦੇ ਵੱਡੀ ਪੱਧਰ ’ਤੇ ਹੋ ਰਹੇ ਸ਼ਿਕਾਰ ਨੇ ਪੂਰੇ ਜ਼ਿਲ੍ਹੇ ਦੇ ਪ੍ਰਸ਼ਾਸਨ ਦੀ ਕਾਰਜਸ਼ੈਲੀ ’ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਗੁਪਤ ਸੂਚਨਾ ਮਿਲਣ ’ਤੇ ਪਹੁੰਚੇ ਜੰਗਲਾਤ, ਬਿਜਲੀ ਅਤੇ ਵਣ ਵਿਭਾਗ ਦੇ ਅਧਿਕਾਰੀ ਵੀ ਵੱਡੀ ਪੱਧਰ ’ਤੇ ਸਾਂਭਰਾਂ ਦੇ ਸਰੀਰ, ਹੱਡ, ਖੱਲਾਂ ਮਿਲਣ ’ਤੇ ਸੁੰਨ ਹੋ ਗਏ। ਵੱਡੀ ਪੱਧਰ ’ਤੇ ਮਰੇ ਮਨਾਹੀ ਵਾਲੇ ਜਾਨਵਰਾਂ ਨੂੰ ਦੇਖ਼ ਸਬੰਧੀ ਵਿਭਾਗ ਦੇ ਅਧਿਕਾਰੀ ਆਪਣਾ ਮੂੰਹ ਖ਼ੋਲ੍ਹਣ ਤੋਂ ਕੰਨੀ ਕਤਰਾਉਂਦੇ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ, ਅੱਜ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਸਾਰੰਗਵਾਲ ਅਤੇ ਸੂਣਾ ਦੇ ਜੰਗਲਾਂ ਵਿਚ ਕੁੱਝ ਲੋਕ ਜੰਗਲੀ ਜੀਵਾਂ ਦਾ ਸ਼ਿਕਾਰ ਕਰਦੇ ਹਨ। ਜੰਗਲਾਤ ਵਿਭਾਗ ਦੇ ਅਧਿਕਾਰੀ ਰਾਜਪਾਲ ਸਿੰਘ ਰੇਂਜ ਅਫ਼ਸਰ ਗੜ੍ਹਸ਼ੰਕਰ, ਅਜੇ ਕੁਮਾਰ, ਜੰਗਲੀ ਜੀਵ ਸੁਰੱਖਿਆ ਦੇ ਰਮਨਪ੍ਰੀਤ ਕੌਰ ਨੇ ਮੌਕੇ ’ਤੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਮ੍ਰਿਤਕ ਸਾਂਭਰਾਂ ਦੀਆਂ ਹੱਡੀਆਂ ਮਿਲੀਆਂ ਜਿਸ ਕਾਰਨ ਉਨ੍ਹਾਂ ਜੰਗਲ ਨੂੰ ਖ਼ੰਗਾਲਣ ਦਾ ਮਨ ਬਣਾਇਆ। ਉਨ੍ਹਾਂ ਦੱਸਿਆ ਕਿ ਜਦੋਂ ਉਹ ਥੋੜ੍ਹਾਂ ਹੋਰ ਜੰਗਲ ਦੇ ਅੰਦਰ ਗਏ ਤਾਂ ਥਾਂ ਥਾਂ ’ਤੇ ਸਾਂਭਰਾਂ ਦੀਆਂ ਹੱਡੀਆਂ, ਸਿੰਗ ਮਿਲੇ ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਇਸ ਖ਼ੇਤਰ ਵਿਚ ਸ਼ਿਕਾਰ ਵੱਡੀ ਪੱਧਰ ’ਤੇ ਖੇਡਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੰਗਲ ਦੇ ਹੋਰ ਅੰਦਰ ਜਾਣ ’ਤੇ ਉਨ੍ਹਾਂ ਨੂੰ ਮਰੇ ਹੋਏ ਸਾਂਭਰਾਂ ਦੇ ਮੂੰਹ ਸਮੇਤ ਸਿੰਗ ਬਰਾਮਦ ਹੋਏ ਅਤੇ ਖ਼ੋਜ ਕਰਨ ’ਤੇ ਇੱਕ ਥਾਂ ’ਤੇ ਜ਼ਮੀਨ ਵਿਚ ਦੱਬੀਆਂ ਹੋਈਆਂ ਸਾਂਭਰਾਂ ਦੀਆਂ ਦਰਜਨ ਦੇ ਕਰੀਬ ਖ਼ੱਲਾਂ ਵੀ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹੁਣ ਤੱਕ ਸਾਂਭਰਾਂ ਦੇ ਸਿੰਗ, ਖੱਲਾਂ, ਹੱਡੀਆਂ, ਵੱਢੀਆਂ ਹੋਈ ਗਰਦਣਾ ਅਤੇ ਪਸ਼ੂਆਂ ਨਾਲ ਸਬੰਧਤ ਹੋਰ ਸ;ਮਾਨ ਵੀ ਮਿਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਾਰਾ ਸਾਮਾਨ ਕਬਜ਼ੇ ਵਿਚ ਲੈ ਕੇ ਇਸ ਨੂੰ ਦਾ ਟੈਸਟ ਕਰਨ ਲਈ ਭੇਜ ਦਿੱਤਾ ਹੈ ਅਤੇ ਮੈਡੀਕਲ ਰਿਪੋਰਟ ਆਉਣ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਇੱਕ ਦੋਸ਼ੀ ਹੋਇਆ ਫ਼ਰਾਰ

ਗੁਪਤ ਸੂਚਨਾਵਾਂ ਦੇਣ ਵਾਲਿਆਂ ਦੀ ਨਿਸ਼ਾਨਦੇਹੀ ’ਤੇ ਜੰਗਲਾਤ ਅਤੇ ਵਣ ਵਿਭਾਗ ਦੇ ਅਧਿਕਾਰੀਆਂ ਨੇ ਮਨਕੀਰਤ ਸਿੰਘ ਅਤੇ ਦਲਵੀਰ ਸਿੰਘ ਉਰਫ਼ ਬਿੱਲੂ ਵਾਸੀਆਨ ਸਾਰੰਗਵਾਲ ਨੂੰ ਕਾਬੂ ਕਰ ਲਿਆ ਪਰੰਤੂ ਦਲਵੀਰ ਸਿੰਘ ਆਪਣਾ ਮੋਟਰਸਾਈਕਲ ਨੰਬਰ ਪੀ ਬੀ 07 ਆਰ 2633 ਛੱਡ ਕੇ ਜੰਗਲ ਦੇ ਰਸਤੇ ਫ਼ਰਾਰ ਹੋ ਗਿਆ।

ਕੀ ਕਹਿੰਦੇ ਹਨ ਰੇਂਜ ਅਫ਼ਸਰ

ਇਸ ਸਬੰਧੀ ਰੇਂਜ ਅਫਸਰ ਰਾਜਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਾਰੇ ਸਰੀਰ ਅਤੇ ਮਿਲਿਆ ਸਾਮਾਨ ਬਰਾਮਦ ਕਰਕੇ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਮ੍ਰਿਤਕ ਜਾਨਵਰਾਂ ਦੀ ਮੈਡੀਕਲ ਰਿਪੋਰਟਰ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button