
ਬਾਲ ਕਿਸ਼ਨ
ਫ਼ਿਰੋਜ਼ਪੁਰ, 16 ਫਰਵਰੀ- ਪੰਜਾਬ ਵਿਚ ਇੰਨ੍ਹੀਂ ਦਿਨੀਂ ‘ਲੀਗਲ ਸ਼ਰਾਬ ਦਾ ਗ਼ੈਰ-ਕਾਨੂੰਨੀ ਧੰਦਾ’ ਕਾਫੀ ਜੋਰਾਂ ’ਤੇ ਨਜ਼ਰ ਆ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਦੇ ਇਕ ਸਰਹੱਦੀ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਤੋਂ ਗੁਜਰਾਤ ਅਤੇ ਹੋਰ ਸੂਬਿਆਂ ਨੂੰ ਗੈਰ ਕਨੂੰਨੀ ਸ਼ਰਾਬ ਸਮੱਗਲਿੰਗ ਕੀਤੇ ਜਾਣ ਲਈ ਵਿਸ਼ੇਸ਼ ਕਿਸਮ ਦੇ ‘ਸੀਕਰੇਟ ਕੰਟੇਨਰ’ ਤਿਆਰ ਕੀਤੇ ਗਏ ਹਨ। ਅਜਿਹਾ ਹੀ ਇਕ ਸੀਕਰੇਟ ਕੰਟੇਨਰ ਬੀਤੀ ਰਾਤ ਉਸ ਵੇਲੇ ਐਕਸਾਈਜ਼ ਵਿਭਾਗ ਦੇ ਅੜਿੱਕੇ ਚੱੜ੍ਹ ਗਿਆ ਜਦੋਂ ਉਹ ਅੰਗਰੇਜੀ ਸ਼ਰਾਬ ਦੀਆਂ 140 ਪੇਟੀਆਂ ਲੈ ਕੇ ਜਾ ਰਿਹਾ ਸੀ। ਇਸ ਸਬੰਧੀ ਐਕਸਾਈਜ਼ ਅਫਸਰ ਰਜਨੀਸ਼ ਬੱਤਰਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਜਦੋਂ ਕੰਟੇਨਰ ਨੂੰ ਰੋਕਿਆ ਗਿਆ ਤਾਂ ਪਹਿਨੀ ਨਜ਼ਰੇ ਉਸ ਵਿਚੋਂ ਕੁੱਝ ਵੀ ਇਤਰਾਜ਼ ਯੋਗ ਨਜ਼ਰ ਨਹੀਂ ਆਇਆ ਪਰ ਬਾਅਦ ਵਿਚ ਸ਼ੱਕ ਪੈਣ ’ਤੇ ਜਦੋਂ ਤਲਾਸ਼ੀ ਕੀਤੀ ਗਈ ਤਾਂ ਕੰਟੇਨਰ ਵਿਚ ਹੀ ਬਣੇ ਇਕ ਸੀਕਰੇਟ ਬਾਕਸ ਵਿਚੋਂ ਇਹ ਸ਼ਰਾਬ ਬਰਾਮਦ ਹੋਈ। ਹੈਰਾਨੀਜਨਕ ਪਹਿਲੂ ਇਹ ਰਿਹਾ ਕਿ ਸ਼ਰਾਬ ਦੇ ਸੀਕਰੇਟ ਕੰਟੇਨਰ ਨੂੰ ਕੱਟ ਕੇ ਉਸ ਵਿਚੋਂ ਸ਼ਰਾਬ ਕੱਢ੍ਹੀ ਗਈ। ਇਸ ਸਬੰਧੀ ਵਧੇਰੇ ਜਾਣਕਾਰੀ ਦੇਂਦਿਆਂ ਡੀਐਸਪੀ ਸਖਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਕੈਂਟ ਪੁਲਿਸ ਨੂੰ ਖਬਰੀ ਤੋਂ ਇਤਲਾਹ ਮਿਲੀ ਸੀ ਕਿ ਡਰਾਈਵਰ ਵਿਪੁਲ ਪੁੱਤਰ ਦੇਵੀ ਲਾਲ ਵਾਸੀ ਬਾਸਵਾੜਾ ,ਰਾਜਸਥਾਨ ਹਲਕਾ ਗੁਰੂਹਰਸਹਾਏ ਅਤੇ ਮਮਦੋਟ ਦੇ ਠੇਕੇਦਾਰਾਂ ਤੋਂ ਸ਼ਰਾਬ ਲੈ ਕੇ ਬਾਹਰ ਦੇ ਸੂਬਿਆਂ ਵਿਚ ਸਪਲਾਈ ਕਰਦਾ ਹੈ।ਜੇ ਕਰ ਕੰਟੇਨਰ ਫੜ ਕੇ ਤਲਾਸ਼ੀ ਲਈ ਜਾਵੇ ਤਾਂ ਵੱਡੀ ਮਾਤਰਾ ਵਿਚ ਸ਼ਰਾਬ ਬਰਾਮਦ ਹੋ ਸੱਕਦੀ ਹੈ।ਇਸ ’ਤੇ ਥਾਣਾ ਕੈਂਟ ਪੁਲਿਸ ਵੱਲੋਂ ਨਾਕਾਬੰਦੀ ਕਰਦਿਆਂ ਜਦੋਂ ਘੋੜਾ ਟਰਾਲਾ ਨੰਬਰ ਐਚਆਰ 55 ਏਬੀ 5079 ਨੂੰ ਰੋਕਿਆ ਗਿਆ ਤਾਂ ਮੁੱਢ੍ਹਲੇ ਤੌਰ ’ਤੇ ਕੁੱਝ ਵੀ ਇਤਰਾਜ਼ਯੋਗ ਨਹੀਂ ਲੱਭਿਆ ,ਪਰ ਜਦੋਂ ਉਸ ਵਿਚੋਂ ਏ ਸੀ ਅਤੇ ਹੋਰ ਸਮਾਨ ਥੱਲੇ ਉਤਾਰਿਆ ਤਾਂ ਉਸ ਵਿਚ ਬਣੇ ਇਕ ਸੀਕਰੇਟ ਬਾਕਸ ਦਾ ਅਹਿਸਾਸ ਹੋਇਆ।ਉਸ ਬਾਕਸ ਨੂੰ ਕਟਰ ਨਾਲ ਕੱਟ ਕੇ ਜਦੋਂ ਉਸ ਵਿਚੋਂ ਸ਼ਰਾਬ ਨਿਕਲੀ ਤਾਂ 140 ਪੇਟੀਆਂ ਸ਼ਰਾਬ ਬਰਾਮਦ ਹੋਈ।ਇਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੀ ਹਾਜ਼ਰੀ ਵਿਚ ਐਕਸਾਈਜ਼ ਮਹਿਕਮੇ ਵੱਲੋਂ ਬਰਾਮਦ ਪੇਟੀਆਂ ਵਿਚੋਂ ਮੈਕਡਾਵਲ ਦੀਆਂ 52 ਪੇਟੀਆਂ, ਸੋਲੀਟਿਊਡ ਦੀਆਂ 25ਪੇਟੀਆਂ, ਰਾਇਲ ਚੈਲੰਜ 45 ਤੇ ਰਾਇਲ ਸਟੈਗ ਦੀਆਂ18 ਪੇਟੀਆਂ ਮਿਲਾ ਕੇ ਕੁੱਲ 140 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ। ਚੋਣਾਂ ਦੌਰਾਨ ਗੁਜਰਾਤ ਜਾਂਦੀ 700 ਪੇਟੀਆਂ ਸ਼ਰਾਬ ਵੀ ਫੜੀ ਸੀ ਖੂਫੀਆ ਪੁਲਿਸ ਦੇ ਸੂਤਰਾਂ ਅਨੁਸਾਰ ਗੁਰੂਹਰਸਹਾਏ ਤੋਂ ਗੁਜਰਾਤ ਅਤੇ ਹੋਰ ਸੂਬਿਆਂ ਨੂੰ ਸ਼ਰਾਬ ਸਮੱਗਲ ਹੋਣ ਦਾ ਸਿਲਸਿਲਾ ਬੀਤੇ ਲੰਮੇਂ ਸਮੇਂ ਤੋਂ ਚੱਲ ਰਿਹਾ ਹੈ। ਇਸੇ ਤਰਾਂ ਗੁਜਰਾਤ ਵਿਧਾਨ ਸਭਾ ਦੀਆਂ ਬੀਤੀਆਂ ਚੋਣਾਂ ਦੋਰਾਨ ਵੀ ਗੁਰੂਹਰਸਹਾਏ ਤੋਂ ਗੁਜਰਾਤ ਜਾ ਰਹੀ 700 ਪੇਟੀ ਸ਼ਰਾਬ ਪੁਲਿਸ ਵੱਲੋਂ ਫੜੀ ਗਈ ਸੀ।



