ਫ਼ਿਰੋਜ਼ਪੁਰ, 17 ਮਾਰਚ (ਬਾਲਕਿਸ਼ਨ)– ਕ੍ਰਿਸ਼ਨਾ ਐਨਕਲੇਵ ਦੀ ਸਮੂਹ ਸਾਧ ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀਕਾਰ 15 ਭਗਤਾਂ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਵਿੱਚ ਕਲੋਨੀ ਦੀਆਂ ਬੀਬੀਆਂ ਦੇ ਜੱਥੇ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕੀਤਾ ਗਿਆ, ਉਪਰੰਤ ਇੱਕ ਸ਼ਬਦ ਦੀ ਸੇਵਾ ਕਾਕਾ ਮਨਕਰਨ ਸਿੰਘ ਨੇ ਨਿਭਾਈ। ਇਸ ਤੋਂ ਬਾਅਦ ਭਾਈ ਜਰਨੈਲ ਸਿੰਘ ਜੀ ਹਜ਼ੂਰੀ ਰਾਗੀ ਖਾਲਸਾ ਗੁਰਦੁਆਰਾ ਫ਼ਿਰੋਜ਼ਪੁਰ ਛਾਉਣੀ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ, ਜਿਸ ਵਿੱਚ ਉਨ੍ਹਾਂ ਵੱਲੋਂ ਭਗਤ ਬਾਣੀ ਦੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸਮੁੱਚੇ ਕਲੋਨੀ ਵਾਸੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਸਾਰੇ ਸਮਾਗਮ ਦਾ ਆਨੰਦ ਮਾਣਿਆ। ਇਸ ਤੋਂ ਬਾਅਦ ਅਰਦਾਸ ਵਿੱਚ ਸਰਬਤ ਦੇ ਭਲੇ, ਕਲੋਨੀ ਵਾਸੀਆਂ ਵਿੱਚ ਪਿਆਰ ਇਤਫ਼ਾਕ ਅਤੇ ਦੁੱਖ ਕਲੇਸ਼ਾਂ ਤੋਂ ਬਚਾਅ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ ਬੇਨਤੀ ਕੀਤੀ ਗਈ। ਸਮਾਗਮ ਤੋਂ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਜਿਸ ਵਿੱਚ ਕਲੋਨੀ ਦੇ ਬੱਚਿਆਂ ਨੇ ਬੜੀ ਸ਼ਰਧਾ ਨਾਲ ਸੇਵਾ ਨਿਭਾਈ।



