ਕੋਲੰਬੀਆ ’ਚ ਸਥਾਨਕ ਗੈਂਗ ਵੱਲੋਂ ਬੰਧਕ ਬਣਾਏ ਪੰਜ ਪੰਜਾਬੀ ਨੌਜਵਾਨ ਛੁਡਾਏ
ਵੀਡੀਓ ਰਾਹੀਂ ਨੌਜਵਾਨਾਂ ਨੇ ਮਦਦ ਦੀ ਕੀਤੀ ਸੀ ਅਪੀਲ

ਮੋਹਾਲੀ, 17 ਮਈ- ਡੰਕੀ ਰੂਟ ਰਾਹੀਂ ਅਮਰੀਕਾ ਜਾਂਦਿਆਂ ਕੋਲੰਬੀਆਂ ’ਚ ਸਥਾਨਕ ਗੈਂਗ ਵੱਲੋਂ ਬੰਧਕ ਬਣਾਏ ਗਏ ਪੰਜਾਬ ਦੇ ਪੰਜ ਨੌਜਵਾਨਾਂ ਨੂੰ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੇ ਯਤਨਾਂ ਨਾਲ ਬਚਾਅ ਲਿਆ ਗਿਆ। ਇਨ੍ਹਾਂ ਨੌਜਵਾਨਾਂ ਨੇ ਇਕ ਵੀਡੀਓ ਰਾਹੀਂ ਸੰਸਦ ਮੈਂਬਰ ਤੋਂ ਮਦਦ ਦੀ ਮੰਗ ਕੀਤੀ ਸੀ। ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਇਕਵਾਡੋਰ-ਕੋਲੰਬੀਆਂ ਬਾਰਡਰ ਦੇ ਤਾਜ ਮਹਿਲ ਹੋਟਲ ਵੱਲੋਂ ਇਨ੍ਹਾਂ ਨੌਜਵਾਨਾਂ ਬਾਰੇ ਜਾਣਕਾਰੀ ਮਿਲੀ ਸੀ। ਉਨ੍ਹਾਂ ਦੱਸਿਆਂ ਕਿ ਬੇਈਮਾਨ ਏਜੰਟ ਤੇ ਰੁਜ਼ਗਾਰ ਮਾਫ਼ੀਆ ਇਨ੍ਹਾਂ ਨੌਜਾਵਨਾਂ ਨੂੰ ਡੰਕੀ ਰੂਟ ਰਾਹੀਂ ਅਮਰੀਕਾ ਲਿਜਾ ਰਹੇ ਸਨ। ਕੋਲੰਬੀਆ ਦੇ ਕੈਪੁਰਗਾਨਾ ’ਚ ਇਨ੍ਹਾਂ ਨੂੰ ਸਥਾਨਕ ਗੈਂਗ ਨੇ ਬੰਧਕ ਬਣਾ ਲਿਆ। ਉਨ੍ਹਾਂ ਕੋਲੋਂ ਮੋਬਾਈਲ ਤੇ ਨਕਦੀ ਖੋ ਲਈ ਤੇ ਆਜ਼ਾਦ ਕਰਨ ਲਈ 20 ਹਜ਼ਾਰ ਡਾਲਰ ਮੰਗੇ ਜਾ ਰਹੇ ਸਨ। ਸੰਧੂ ਮੁਤਾਬਕ ਇਨ੍ਹਾਂ ਨੌਜਵਾਨਾਂ ’ਚ ਕਰਨਦੀਪ ਸਿੰਘ ਮੁੰਡੀ, ਰਮਨਦੀਪ ਸਿੰਘ, ਲਵਦੀਪ ਸਿੰਘ, ਗੁਰਪ੍ਰੀਤ ਸਿੰਘ (ਸਾਰੇ ਵਾਸੀ ਅੰਮ੍ਰਿਤਸਰ), ਰਜਿੰਦਰ ਸਿੰਘ ਮਾੜੀ ਤੇ ਗੁਰਨਾਮ ਸਿੰਘ ਵਾਸੀ ਜਲੰਧਰ ਸ਼ਾਮਿਲ ਹਨ। ਇਨ੍ਹਾਂ ਨੌਜਵਾਨਾਂ ਨੇ ਇਕ ਵੀਡੀਓ ਜ਼ਰੀਏ ਉਨ੍ਹਾਂ ਤੋਂ ਮਦਦ ਦੀ ਅਪੀਲ ਕੀਤੀ ਸੀ। ਸੰਧੂ ਨੇ ਦੱਸਿਆ ਕਿ ਉਨ੍ਹਾਂ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਮਾਮਲੇ ਦੀ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲੇ ਨੇ ਕੋਲੰਬੀਆ ਸਥਿਤ ਭਾਰਤੀ ਅਬੈਂਸੀ ਨਾਲ ਸਪਰੰਕ ਕੀਤਾ ਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਨੌਜਵਾਨਾਂ ਨੂੰ ਛੁਡਾ ਲਿਆ ਗਿਆ।



