
ਕਪੂਰਥਲਾ, 7 ਜੂਨ : ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੇ ਨੌਜਵਾਨ ਨੂੰ ਕੈਨੇਡਾ ਭੇਜਣ ਦੇ ਨਾਂ ‘ਤੇ 13.4 ਲੱਖ ਦੀ ਠੱਗੀ ਕਰਨ ਦੇ ਦੋਸ਼ ’ਚ ਟ੍ਰੇਵਲ ਏਜੰਟ ਜੋੜੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਫਿਲਹਾਲ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ। ਗੁਰਦੀਪ ਸਿੰਘ ਨਿਵਾਸੀ ਪਿੰਡ ਹੁਸੈਨਪੁਰ ਦੁੱਲੋਵਾਲ ਨੇ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਪੁੱਤਰ ਸਰਜੀਤ ਸਿੰਘ ਨੂੰ ਕੈਨੇਡਾ ਭੇਜਣਾ ਚਾਹੁੰਦਾ ਸੀ। ਉਸਦਾ ਸੰਪਰਕ ਸ਼ਾਮ ਸਿੰਘ ਉਰਫ਼ ਸਤਨਾਮ ਸਿੰਘ ਤੇ ਉਸ ਦੀ ਪਤਨੀ ਮਨਜੀਤ ਰਾਣੀ ਨਿਵਾਸੀ ਬੋਘੀਵਾਲ ਫਿਰੋਜ਼ਪੁਰ ਨਾਲ ਹੋਇਆ, ਜਿਨ੍ਹਾਂ ਕਿਹਾ ਕਿ ਉਹ ਉਸਦੇ ਪੁੱਤਰ ਨੂੰ ਕੈਨੇਡਾ ਭੇਜ ਦੇਵੇਗਾ। ਗੱਲਬਾਤ ਤੈਅ ਹੋਣ ‘ਤੇ ਜੋੜੇ ਨੇ ਅਲੱਗ-ਅਲੱਗ ਤਰੀਕਾਂ ’ਚ ਉਸ ਤੋਂ 13.4 ਲੱਖ ਰੁਪਏ ਲੈ ਲਏ। ਬਾਅਦ ਵਿੱਚ ਨਾ ਤਾਂ ਉਸਦੇ ਪੁੱਤਰ ਨੂੰ ਕੈਨੇਡਾ ਭੇਜਿਆ ਗਿਆ ਤੇ ਨਾ ਹੀ ਰੁਪਏ ਵਾਪਸ ਕੀਤੇ। ਪੁਲਿਸ ਨੇ ਜਾਂਚ ਦੌਰਾਨ ਦੋਸ਼ੀ ਟ੍ਰੈਵਲ ਏਜੰਟ ਜੋੜੇ ‘ਤੇ ਲਾਏ ਸਾਰੇ ਦੋਸ਼ ਸਹੀ ਪਾਏ। ਪੁਲਿਸ ਨੇ ਦੋਸ਼ੀਆਂ ਖਿਲਾਫ ਵੱਖ-ਵੱਖ ਧਾਰਾਵਾਂ ਅਨੁਸਾਰ ਕੇਸ ਦਰਜ ਕਰ ਲਿਆ ਹੈ।



