Punjab

ਕੈਨੇਡਾ ‘ਚ ਵਾਪਰਿਆ ਦਰਦਨਾਕ ਹਾਦਸਾ, ਕਾਰ ‘ਚ ਜ਼ਿੰਦਾ ਸੜਿਆ ਮੋਰਿੰਡਾ ਦਾ ਨੌਜਵਾਨ

ਸ਼ਹਿਰ ਵਿਚ ਸੋਗ ਦੀ ਲਹਿਰ

ਮੋਰਿੰਡਾ, 13 ਅਗਸਤ : ਕੈਨੇਡਾ ਵਿਚ ਰਹਿੰਦੇ ਮੋਰਿੰਡਾ ਸ਼ਹਿਰ ਦੇ 31 ਸਾਲ ਦੇ ਨੌਜਵਾਨ ਲੜਕੇ ਦੀ ਕਾਰ ਵਿਚ ਸੜ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਨੰਬਰਦਾਰ ਜਗਵਿੰਦਰ ਸਿੰਘ ਪੰਮੀ ਨੇ ਦੱਸਿਆ ਕਿ ਸਟੇਟ ਬੈਂਕ ਆਫ ਪਟਿਆਲਾ ਤੋਂ ਰਿਟਾਇਰ ਹੋਏ ਜਸਬੀਰ ਸਿੰਘ ਵਾਸੀ ਸੂਦ ਕਲੋਨੀ ਮੋਰਿੰਡਾ ਦਾ ਪੁੱਤਰ ਹਰਵਿੰਦਰ ਸਿੰਘ ਹੈਰੀ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਿਆ ਹੋਇਆ ਸੀ। ਜਿੱਥੇ ਉਸ ਦਾ ਦਰਦਨਾਕ ਹਾਦਸਾ ਹਾਈਵੇ 417 ‘ਤੇ ਉਟਾਵਾ ਕੈਨੇਡਾ ਵਿਚ ਸ਼ਨੀਵਾਰ ਨੂੰ ਹੋਇਆ। ਜਗਵਿੰਦਰ ਸਿੰਘ ਪੰਮੀ ਨੇ ਦੱਸਿਆ ਕਿ ਹਰਵਿੰਦਰ ਸਿੰਘ ਹੈਰੀ ਰੱਖੜੀ ਵਾਲੇ ਦਿਨ ਕੈਨੇਡਾ ਰਹਿੰਦੀ ਆਪਣੀ ਭੈਣ ਕੋਲ ਰੱਖੜੀ ਬਨਵਾਉਣ ਲਈ ਜਾ ਰਿਹਾ ਸੀ ਕਿ ਅਚਾਨਕ ਗੱਡੀ ਨੂੰ ਅੱਗ ਲੱਗ ਗਈ ਜਿਸ ਕਾਰਨ ਜਿੱਥੇ ਕਾਰ ਸੜਕੇ ਸਵਾਹ ਹੋ ਗਈ ਉਥੇ ਹੀ ਕਾਰ ਵਿਚ ਸਵਾਰ ਹੈਰੀ ਵੀ ਬੁਰੀ ਤਰ੍ਹਾਂ ਨਾਲ ਝੁਲਸਿਆ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਮਾਪਿਆਂ ਦੇ ਇਕਲੌਤੇ ਪੁੱਤਰ ਹਰਵਿੰਦਰ ਸਿੰਘ ਹੈਰੀ ਦਾ ਵਿਆਹ ਪੰਜ ਮਹੀਨੇ ਪਹਿਲਾਂ 12 ਮਾਰਚ 2025 ਨੂੰ ਮੋਰਿੰਡਾ ਵਿਖੇ ਹੀ ਹੋਇਆ ਸੀ। ਰੱਖੜੀ ਵਾਲੇ ਦਿਨ ਤੋਂ ਇਕ ਦਿਨ ਪਹਿਲਾਂ ਹੈਰੀ ਦੀ ਪਤਨੀ ਹੈਰੀ ਦੀ ਭੈਣ ਕੋਲ ਚਲੇ ਗਈ ਸੀ। ਹੈਰੀ ਨੇ ਉਸ ਨੂੰ ਕਿਹਾ ਸੀ ਕਿ ਉਹ ਰੱਖੜੀ ਵਾਲੇ ਦਿਨ ਆਪਣੀ ਭੈਣ ਤੋਂ ਰੱਖੜੀ ਬੰਨ੍ਹਵਾਉਣ ਲਈ ਆਵੇਗਾ ਤੇ ਫਿਰ ਉਹ ਉਸ ਨੂੰ ਲੈ ਜਾਵੇਗਾ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕੈਨੇਡਾ ਵਿਖੇ ਹਰਵਿੰਦਰ ਸਿੰਘ ਹੈਰੀ ਦੀ ਮੌਤ ਦੀ ਖ਼ਬਰ ਮਿਲਦਿਆਂ ਮੋਰਿੰਡਾ ਸ਼ਹਿਰ ਤੇ ਇਲਾਕੇ ਵਿਚ ਸੋਗ ਦੀ ਲਹਿਰ ਛਾਅ ਗਈ ਤੇ ਹੈਰੀ ਦੇ ਮਾਤਾ ਪਿਤਾ ਤੁਰੰਤ ਕੈਨੇਡਾ ਲਈ ਰਵਾਨਾ ਹੋ ਗਏ।

Related Articles

Leave a Reply

Your email address will not be published. Required fields are marked *

Back to top button