
ਖੰਨਾ, 20 ਅਗਸਤ : ਖੰਨਾ ਨੇੜਲੇ ਪਿੰਡ ਭੁਮੱਦੀ ਦੇ ਰਹਿਣ ਵਾਲੇ ਉਦੈਵੀਰ ਸਿੰਘ ਦੀ ਕੈਨੇਡਾ ’ਚ ਰਹੱਸਮਈ ਹਾਲਾਤਾਂ ’ਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ, ਉਦੈਵੀਰ ਦੀ ਲਾਸ਼ ਕੈਨੇਡਾ ਦੇ ਇੱਕ ਪਾਰਕ ’ਚ ਝੂਲੇ ਦੇ ਖੰਭੇ ਨਾਲ ਲਟਕਦੀ ਮਿਲੀ। ਸ਼ੁਰੂਆਤੀ ਰਿਪੋਰਟਾਂ ਇਸ ਨੂੰ ਖੁਦਕੁਸ਼ੀ ਦੱਸ ਰਹੀਆਂ ਹਨ, ਪਰ ਅਜੇ ਤੱਕ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ। ਲਗਭਗ ਤਿੰਨ ਸਾਲ ਪਹਿਲਾਂ ਉਦੈਵੀਰ ਇੱਕ ਬਿਹਤਰ ਭਵਿੱਖ ਦੀ ਭਾਲ ’ਚ ਕੈਨੇਡਾ ਗਿਆ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉੱਥੇ ਉਹ ਇੱਕ ਏਜੰਟ ਦੇ ਜਾਲ ’ਚ ਫਸ ਗਿਆ। ਏਜੰਟ ਨੇ ਉਸ ਦੇ ਨਾਂ ’ਤੇ ਇੱਕ ਮਹਿੰਗੀ ਕਾਰ ਲੋਨ ’ਤੇ ਲੈ ਕੇ ਦਿੱਤੀ। ਕਿਸ਼ਤਾਂ ਨਾ ਅਦਾ ਕਰਨ ਕਾਰਨ, ਉਦੈਵੀਰ ’ਤੇ ਵਿੱਤੀ ਬੋਝ ਵਧਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਏਜੰਟ ਲਗਾਤਾਰ ਉਸ ’ਤੇ ਦਬਾਅ ਪਾ ਰਿਹਾ ਸੀ, ਜਿਸ ਕਾਰਨ ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਗਿਆ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਸਮੱਸਿਆ ਕਾਰਨ ਉਸ ਨੇ ਖੁਦਕੁਸ਼ੀ ਦਾ ਕਦਮ ਚੁੱਕਿਆ। ਹਾਲਾਂਕਿ, ਇਸ ਸਬੰਧ ’ਚ ਪਰਿਵਾਰ ਵੱਲੋਂ ਅਜੇ ਤੱਕ ਕੋਈ ਸਪੱਸ਼ਟ ਬਿਆਨ ਨਹੀਂ ਆਇਆ ਹੈ। ਇਸ ਘਟਨਾ ਦੀ ਖ਼ਬਰ ਮਿਲਦੇ ਹੀ ਪੂਰੇ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਇਸ ਹਾਦਸੇ ਕਾਰਨ ਉਦੈਵੀਰ ਦਾ ਪਰਿਵਾਰ, ਪਿੰਡ ਵਾਸੀ ਤੇ ਰਿਸ਼ਤੇਦਾਰ ਡੂੰਘੇ ਸਦਮੇ ’ਚ ਹਨ। ਪਰਿਵਾਰ ਨੇ ਪੰਜਾਬ ਸਰਕਾਰ ਤੇ ਭਾਰਤੀ ਹਾਈ ਕਮਿਸ਼ਨ ਤੋਂ ਉਦੈਵੀਰ ਦੀ ਲਾਸ਼ ਨੂੰ ਪੰਜਾਬ ਲਿਆਉਣ ਲਈ ਮਦਦ ਦੀ ਮੰਗ ਕੀਤੀ ਹੈ ਤਾਂ ਜੋ ਅੰਤਿਮ ਸੰਸਕਾਰ ਉਦੈਵੀਰ ਦੇ ਜੱਦੀ ਪਿੰਡ ’ਚ ਹੀ ਕੀਤਾ ਜਾ ਸਕੇ।



