ਕੇਸ਼ੋਪੁਰ ਛੰਬ ’ਚ ਪਰਵਾਸੀ ਪੰਛੀਆਂ ਦੀ ਗਿਣਤੀ ਘੱਟੀ, 13 ਹਜ਼ਾਰ ਤੱਕ ਸਿਮਟੀ; 4 ਸਾਲ ਪਹਿਲਾਂ 20 ਹਜ਼ਾਰ ਤੋਂ ਵੱਧ ਦੀ ਹੁੰਦੀ ਰਹੀ ਆਮਦ

ਗੁਰਦਾਸਪੁਰ, 8 ਫਰਵਰੀ- ਗੁਰਦਾਸਪੁਰ ਦੇ ਪ੍ਰਸਿੱਧ ਕੇਸ਼ੋਪੁਰ ਛੰਬ ’ਚ ਵਿਦੇਸ਼ੀ ਪੰਛੀਆਂ ਦੀ ਗਿਣਤੀ ਇਸ ਵਾਰ 13 ਹਜ਼ਾਰ ਦੇ ਕਰੀਬ ਰਹੀ। ਜਾਣਕਾਰਾਂ ਅਨੁਸਾਰ ਪੰਛੀਆਂ ਦੀ ਗਿਣਤੀ ਘਟਣ ਦੇ ਰੁਝਾਨ ਪਿੱਛੇ ਇੱਕ ਵੱਡਾ ਕਾਰਨ ਗਲੋਬਲ ਵਾਰਮਿੰਗ ਹੈ ਕਿਉਂਕਿ ਸਾਈਬੇਰੀਆ ਤੇ ਹੋਰਨਾਂ ਠੰਡੇ ਮੁਲਕਾਂ ਤੋਂ ਪੰਛੀ ਉਸ ਵੇਲੇ ਇੱਧਰ ਪ੍ਰਵਾਸ ਕਰਦੇ ਹਨ ਜਦੋਂ ਉਨ੍ਹਾਂ ਦੇ ਮੁਲਕਾਂ ’ਚ ਠੰਢ ਜ਼ਿਆਦਾ ਵੱਧ ਜਾਂਦੀ ਹੈ। ਹਰ ਪਾਸੇ ਬਰਫ਼ ਜੰਮੀ ਹੋਣ ਕਾਰਨ ਉਨ੍ਹਾਂ ਨੂੰ ਦਾਣਾ-ਪਾਣੀ ਨਸੀਬ ਨਹੀਂ ਹੁੰਦਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਪਹਿਲੇ ਕਮਿਊਨਿਟੀ ਰਿਜ਼ਰਵ ਕੇਸ਼ੋਪੁਰ ਛੰਬ ’ਚ ਸਰਦੀਆਂ ਦਾ ਆਗਾਜ਼ ਹੁੰਦਿਆਂ ਹੀ ਹਜ਼ਾਰਾਂ ਵਿਦੇਸ਼ੀ ਮਹਿਮਾਨਾਂ ਦੀ ਆਮਦ ਨਾਲ ਕੌਮਾਂਤਰੀ ਸਰਹੱਦ ਨੇੜੇ ਸਥਿਤ ਇਹ ਇਲਾਕਾ ਚਹਿਕ ਉੱਠਦਾ ਹੈ। ਬੇਹੱਦ ਖੂਬਸੂਰਤ ਤੇ ਦੁਰਲੱਭ ਪਰਵਾਸੀ ਪੰਛੀਆਂ ਦੀ ਹਜ਼ਾਰਾਂ ਮੀਲ ਦੂਰ ਗੁਰਦਾਸਪੁਰ ਦੀ ਧਰਤੀ ’ਤੇ ਆਸਮਾਨੀ ਪਰਵਾਜ਼ ਦਿਲ ਖਿਚਵਾਂ ਨਜ਼ਾਰਾ ਪੇਸ਼ ਕਰਦੀ ਹੈ। ਇਸ ਵਾਰ ਇਨ੍ਹਾਂ ਪੰਛੀਆਂ ਦਾ ਆਮਦ ਨਵੰਬਰ ’ਚ ਸ਼ੁਰੂ ਹੋਈ ਜੋ ਕਿ ਇੱਕ ਮਹੀਨਾ ਦੇਰੀ ਨਾਲ ਹੈ। ਛੰਬ ਦੇ ਵਾਰਡਰ ਸਚਿਨ ਨੇ ਦੱਸਿਆ ਕਿ 16 ਜਨਵਰੀ ਨੂੰ ਇਨ੍ਹਾਂ ਪੰਛੀਆਂ ਦੀ ਗਿਣਤੀ ਕੀਤੀ ਗਈ ਸੀ ਅਤੇ ਇੰਨਾਂ ਦਾ ਅੰਕੜਾ 13 ਹਜ਼ਾਰ ਦੇ ਕਰੀਬ ਸੀ। ਸਚਿਨ ਨੇ ਦੱਸਿਆ ਕਿ ਪਿਛਲੇ 3 ਸਾਲਾਂ ਤੋਂ ਵਿਦੇਸ਼ੀ ਪੰਛੀਆਂ ਦੀ ਗਿਣਤੀ ਇਸ ਅੰਕੜੇ ਦੇ ਆਸ-ਪਾਸ ਹੀ ਰਹਿ ਰਹੀ ਹੈ। ਜਦ ਕਿ 4-5 ਸਾਲ ਪਹਿਲਾਂ ਇਨ੍ਹਾਂ ਦੀ ਗਿਣਤੀ 20-22 ਹਜ਼ਾਰ ਤੱਕ ਪਹੁੰਚ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰ ਗਰਮੀ ਸਮੇਂ ਤੋਂ ਪਹਿਲਾਂ ਦਸਤਕ ਦੇ ਰਹੀ ਹੈ ਤੇ 15 ਫਰਵਰੀ ਤੋਂ ਇਨ੍ਹਾਂ ਪੰਛੀਆਂ ਦੀ ਵਾਪਸੀ ਦੀ ਸੰਭਾਵਨਾ ਹੈ।
–850 ਏਕੜ ਰਕਬੇ ’ਚ ਫੈਲਿਆ ਹੈ ਕੇਸ਼ੋਪੁਰ ਛੰਬ–
ਟੂਰਿਸਟ ਹੱਬ ਵਜੋਂ ਵਿਕਸਿਤ ਕੀਤਾ ਜਾ ਰਿਹਾ ਇਹ ਛੰਬ 850 ਏਕੜ ਰਕਬੇ ’ਚ ਫੈਲਿਆ ਹੈ। ਗੁਰਦਾਸਪੁਰ-ਬਹਿਰਾਮਪੁਰ ਲਿੰਕ ਰੋਡ ’ਤੇ ਸਥਿਤ ਇਸ ਛੰਬ ਨੂੰ ਪੰਜ ਪੰਚਾਇਤਾਂ (ਕੇਸ਼ੋਪੁਰ, ਮਿਆਣੀ, ਡਾਲਾ, ਮਗਰ ਮੂਦੀਆਂ ਅਤੇ ਮਟਮਾਂ) ਲੱਗਦੀਆਂ ਹਨ। 2007 ’ਚ ਪੰਜਾਬ ਸਰਕਾਰ ਨੇ ਇਸਨੂੰ ਪੰਜਾਬ ਦਾ ਪਹਿਲਾ ਕਮਿਊਨਿਟੀ ਰਿਜ਼ਰਵ ਕੇਂਦਰ ਐਲਾਨਿਆ। ਇੱਥੇ ਪੰਛੀਆਂ ਦੀ ਗਿਣਤੀ ਦਾ ਸਿਲਸਿਲਾ 2012-13 ’ਚ ਸ਼ੁਰੂ ਹੋਇਆ। ਹਰ ਸਾਲ ਸਰਦੀਆਂ ਸ਼ੁਰੂ ਹੁੰਦੇ ਹੀ ਵਿਦੇਸ਼ਾਂ ਤੋਂ ਹਜ਼ਾਰਾਂ ਦੀ ਤਦਾਦ ’ਚ ਪੰਛੀਆਂ ਦਾ ਆਉਣਾ ਸ਼ੁਰੂ ਹੋ ਜਾਂਦਾ ਹਾਂ। ਕੋਈ 4 ਸਾਲ ਪਹਿਲਾਂ ਸਾਲ ਪੰਜਾਬ ਦੇ ਤਤਕਾਲੀ ਗਵਰਨਰ ਵੀਪੀ ਬਦਨੋਰ ਇਥੇ ਆਏ ਅਤੇ ਇਸ ਸੈਂਟਰ ਨੂੰ ਇੰਟਰ ਨੈਸ਼ਨਲ ਰਾਮਸਰ ਸਾਈਟ ਐਲਾਨ ਦਿੱਤਾ। ਇਸ ਨਾਲ ਹੁਣ ਇਹ ਸੈਂਟਰ ਕੌਮਾਂਤਰੀ ਨਕਸ਼ੇ ਉੱਪਰ ਆ ਚੁੱਕਾ ਹੈ।
—ਮਹਿਮਾਨ ਪੰਛੀਆਂ ’ਚ 100 ਪ੍ਰਜਾਤੀਆਂ ਸ਼ਾਮਲ
ਹਰ ਸਾਲ ਰੂਸ, ਸਾਇਬੇਰੀਆ ਤੇ ਹੋਰਨਾਂ ਯੂਰਪ ਦੇਸ਼ਾਂ ’ਚ ਠੰਡ ਵਧਣ ਤੇ ਬਰਫ਼ ਬਾਰੀ ਹੋਣ ਕਾਰਨ ਪੰਛੀ ਘੱਟ ਠੰਡੇ ਇਲਾਕਿਆਂ ਵਲ ਹਿਜ਼ਰਤ ਕਰਦੇ ਹਨ। ਇਸੇ ਕਾਰਨ ਕੇਸ਼ਪੁਰ ਛੰਬ ਵੀ ਇਨ੍ਹਾਂ ਪੰਛੀਆਂ ਦੀ ਪਸੰਦੀਦਾ ਸੈਰਗਾਹ ਹੈ। ਇੱਥੇ 100 ਤੋਂ ਵੱਧ ਪ੍ਰਜਾਤੀਆਂ ਦੇ ਖੂਬਸੂਰਤ ਪੰਛੀ ਆਉਂਦੇ ਹਨ ਜਿਨ੍ਹਾਂ ’ਚ ਸਾਰਸ ਕਰੇਨ, ਨਾਰਥ ਪਿੰਨ, ਟੇਲ, ਨਾਰਥਰਨ, ਛਾਵਲਰ, ਗੈਂਡਵਲ ਗ੍ਰੇ, ਲੈਗ ਗੁਜ਼, ਪ੍ਰਪਲ ਹੈਰੋਨ, ਗ੍ਰੇ ਹੈਰੋਨ ਆਦਿ ਸ਼ਾਮਲ ਹਨ।



