Punjab

ਕੇਜਰੀਵਾਲ ਤੇ ਭਗਵੰਤ ਮਾਨ ਨੇ ‘ਮਹਿਲਾ ਵਿੰਗ ਲੀਡਰਸ਼ਿਪ ਸਿਖਲਾਈ’ ਪ੍ਰੋਗਰਾਮ ਨੂੰ ਕੀਤਾ ਸੰਬੋਧਨ

ਕਿਹਾ- ਔਰਤਾਂ ਨੂੰ ਹੁੰਦੀ ਹੈ ਨਸ਼ੇ ਨਾਲ ਸਭ ਤੋਂ ਵੱਧ ਤਕਲੀਫ਼

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 14 ਅਗਸਤ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਔਰਤਾਂ ਨੂੰ ਸਮਾਜਿਕ ਤੇ ਰਾਜਨੀਤਿਕ ਗਤੀਵਿਧੀਆਂ ਵਿਚ ਸਰਗਰਮੀ ਨਾਲ ਭਾਗ ਲੈਣ ਦੀ ਅਪੀਲ ਕੀਤੀ ਹੈ। ਪਾਰਟੀ ਨੇ ‘ਮਹਿਲਾ ਵਿੰਗ ਲੀਡਰਸ਼ਿਪ ਸਿਖਲਾਈ ਪ੍ਰੋਗਰਾਮ’ ਦਾ ਆਯੋਜਨ ਕੀਤਾ ਜਿਸ ਨੂੰ ਕੇਜਰੀਵਾਲ ਨੇ ਵੀਡਿਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ ਹੀ ਔਰਤਾਂ ਨੂੰ ਸਰਗਰਮ ਰਾਜਨੀਤੀ ਵਿਚ ਆਉਣ ਦਾ ਮੌਕਾ ਦਿੰਦੀ ਹੈ। ਦੂਜੀਆਂ ਪਾਰਟੀਆਂ ਆਮ ਪਰਿਵਾਰਾਂ ਦੀਆਂ ਔਰਤਾਂ ਨੂੰ ਸਰਗਰਮ ਰਾਜਨੀਤੀ ਵਿਚ ਨਹੀਂ ਆਉਣ ਦਿੰਦੀਆਂ। ‘ਆਪ’ ਸਰਕਾਰ ਲਗਾਤਾਰ ਔਰਤਾਂ ਦੀ ਭਲਾਈ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਕੰਮ ਕਰ ਰਹੀ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਔਰਤਾਂ ਨੂੰ ਸਭ ਤੋਂ ਵੱਧ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਨਸ਼ਿਆਂ ਤੋਂ ਸਭ ਤੋਂ ਵੱਧ ਦੁੱਖ ਝੱਲਣਾ ਪੈਂਦਾ ਹੈ ਕਿਉਂਕਿ ਨਸ਼ੇ ਉਨ੍ਹਾਂ ਦੇ ਬੱਚੇ ਤੇ ਪਤੀ ਉਨ੍ਹਾਂ ਤੋਂ ਖੋਹ ਲੈਂਦੇ ਹਨ ਅਤੇ ਉਨ੍ਹਾਂ ਦੇ ਘਰ ਬਰਬਾਦ ਕਰ ਦਿੰਦੇ ਹਨ। ਇਸ ਲਈ ਔਰਤਾਂ ਨੂੰ ਵੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਪ੍ਰਮੁੱਖਤਾ ਨਾਲ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਚਾਰ ਵਿਚ ਸਭ ਤੋਂ ਪੁੰਨ ਦਾ ਕੰਮ ਨਸ਼ੇ ਦੀ ਲਤ ਤੋਂ ਪੀੜਤ ਲੋਕਾਂ ਨੂੰ ਬਚਾਉਣਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਾਪਸ ਲੀਹ ’ਤੇ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਉਹ ਗਰੀਬਾਂ ਦੀ ਭਲਾਈ ਲਈ ਕੰਮ ਕਰਦੇ ਹਨ, ਇਸੇ ਲਈ ਉਹ ਹਾਲੇ ਤੱਕ ਰਾਜਨੀਤੀ ਵਿਚ ਜ਼ਿੰਦਾ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਔਰਤਾਂ ਬਿਨਾਂ ਘਰ ਸਹੀ ਢੰਗ ਨਾਲ ਨਹੀਂ ਚੱਲ ਸਕਦਾ, ਉਸੇ ਤਰ੍ਹਾਂ ਦੇਸ਼ ਵੀ ਉਨ੍ਹਾਂ ਤੋਂ ਬਿਨਾਂ ਸਹੀ ਢੰਗ ਨਾਲ ਨਹੀਂ ਚੱਲ ਸਕਦਾ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਮੁਫ਼ਤ ਬਿਜਲੀ ਅਤੇ ਮੁਹੱਲਾ ਕਲੀਨਿਕਾਂ ਦਾ ਸਭ ਤੋਂ ਵੱਧ ਲਾਭ ਮਿਲ ਰਿਹਾ ਹੈ। ਇਸ ਨਾਲ ਉਨ੍ਹਾਂ ’ਤੇ ਮਹਿੰਗਾਈ ਦਾ ਬੋਝ ਘੱਟ ਜਾਂਦਾ ਹੈ ਕਿਉਂਕਿ ਉਹ ਹੀ ਹਨ ਜੋ ਸਿੱਧੇ ਤੌਰ ’ਤੇ ਮਹਿੰਗਾਈ ਤੋਂ ਪ੍ਰਭਾਵਿਤ ਹੁੰਦੀਆਂ ਹਨ। ਰਾਸ਼ਨ ਤੋਂ ਲੈ ਕੇ ਗੈਸ ਸਿਲੰਡਰ ਤੱਕ, ਸਭ ਕੁਝ ਉਨ੍ਹਾਂ ਨਾਲ ਜੁੜਿਆ ਹੋਇਆ ਹੈ। ਮੁੱਖ ਮੰਤਰੀ ਨੇ ਸਵੈ-ਸਹਾਇਤਾ ਸਮੂਹਾਂ ਰਾਹੀਂ ਔਰਤਾਂ ਦੀ ਆਰਥਿਕ ਤਰੱਕੀ ਦੀ ਉਦਾਹਰਣ ਵੀ ਦਿੱਤੀ। ਉਨ੍ਹਾਂ ਕਿਹਾ ਕਿ ਸੰਗਰੂਰ ਵਿਚ ਸਰਕਾਰ ਦੀ ਮਦਦ ਨਾਲ 100 ਔਰਤਾਂ ਨੇ ਸਮੂਹ ਬਣਾ ਕੇ ਆਪਣਾ ਕੰਮ ਸ਼ੁਰੂ ਕੀਤਾ, ਅੱਜ ਉਨ੍ਹਾਂ ਦਾ ਮਹੀਨਾਵਾਰ ਟਰਨਓਵਰ 1.5 ਕਰੋੜ ਰੁਪਏ ਹੋ ਗਿਆ ਹੈ। ਸਰਕਾਰ ਨੇ ਫਤਿਹਗੜ੍ਹ ਸਾਹਿਬ ਤੋਂ ਲਗਪਗ 350 ਮਹਿਲਾ ਸਰਪੰਚਾਂ ਅਤੇ ਪੰਚਾਂ ਨੂੰ ਸਰਕਾਰੀ ਖਰਚੇ ’ਤੇ ਸਿਖਲਾਈ ਲਈ ਮਹਾਰਾਸ਼ਟਰ ਭੇਜਿਆ ਹੈ। ਸਰਕਾਰ ਉਨ੍ਹਾਂ ਦੇ ਰਹਿਣ, ਖਾਣੇ ਅਤੇ ਯਾਤਰਾ ਦਾ ਖਰਚਾ ਚੁੱਕੇਗੀ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਔਰਤਾਂ ਦੇ ਸਸ਼ਕਤੀਕਰਨ ਲਈ ਵਚਨਬੱਧਤਾ ਨਾਲ ਕੰਮ ਕਰ ਰਹੇ ਹਾਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਆਪ ਪੰਜਾਬ ਪ੍ਰਧਾਨ ਅਮਨ ਅਰੋੜਾ, ਪਾਰਟੀ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਅਤੇ ਮੋਗਾ ਤੋਂ ਵਿਧਾਇਕ ਅਮਨਦੀਪ ਕੌਰ ਅਰੋੜਾ ਅਤੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜਲਾਲੀ ਗਿੱਲ ਪ੍ਰੋਗਰਾਮ ਵਿੱਚ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button