
ਅਜਨਾਲਾ, 15 ਸਤੰਬਰ : ਕੇਂਦਰੀ ਪੇਂਡੂ ਵਿਕਾਸ ਰਾਜ ਮੰਤਰੀ ਕਮਲੇਸ਼ ਪਾਸਵਾਨ ਨੇ ਐਤਵਾਰ ਨੂੰ ਅੰਮ੍ਰਿਤਸਰ ਦੇ ਘੋਨੇਵਾਲ ਪਿੰਡ ਦਾ ਦੌਰਾ ਕੀਤਾ। 27 ਅਗਸਤ ਨੂੰ ਇਸ ਪਿੰਡ ’ਚ ਆਏ ਭਿਆਨਕ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ। ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕਰ ਕੇ ਦੁੱਖ ਸੁਣੇ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਉਨ੍ਹਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਹਰ ਸੰਭਵ ਮਦਦ ਪ੍ਰਦਾਨ ਕਰੇਗੀ। ਉਨ੍ਹਾਂ ਘੋਨੇਵਾਲ ਪਿੰਡ, ਮਾਛੀਵਾਲ, ਬਾਓਲੀ, ਮੰਦਿਰਵਾਲ, ਨੰਗਲ ਸੋਹਲ, ਘੁਮਰਾਈ, ਪੰਜ ਛਿਆਰੀਆ ਵਾਲਾ, ਗੱਗਰ, ਸਿੰਗੋਕ ਆਦਿ ਦਾ ਦੌਰਾ ਕੀਤਾ ਤੇ ਹੜ੍ਹ ਪੀੜਤਾਂ ਦਾ ਹਾਲ ਪੁੱਛਿਆ। ਇਸ ਦੌਰਾਨ ਸਾਬਕਾ ਵਿਧਾਇਕ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਅਮਰਪਾਲ ਬੋਨੀ ਵੀ ਹਾਜ਼ਰ ਸਨ। ਪਾਸਵਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਤੇ ਵਚਨਬੱਧਤਾ ਦਿਖਾਉਂਦੇ ਹੋਏ ਪ੍ਰਭਾਵਿਤ ਇਲਾਕਿਆਂ ਦਾ ਨਿੱਜੀ ਤੌਰ ਤੇ ਦੌਰਾ ਕੀਤਾ ਹੈ ਅਤੇ 1600 ਕਰੋੜ ਰੁਪਏ ਦੇ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਹ ਪੈਕੇਜ ਨਾ ਸਿਰਫ਼ ਤੁਰੰਤ ਰਾਹਤ ਕਾਰਜਾਂ ਨੂੰ ਤੇਜ਼ ਕਰੇਗਾ, ਸਗੋਂ ਲੰਬੇ ਸਮੇਂ ਦੇ ਪੁਨਰਵਾਸ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਵੱਲ ਵੀ ਵਿਸ਼ੇਸ਼ ਧਿਆਨ ਦੇਵੇਗਾ। ਇਹ ਹੜ੍ਹ ਦੁਖਾਂਤ ਮੁੱਖ ਤੌਰ ਤੇ ਧੁੱਸੀ ਬੰਨ ਦੀ ਮੁਰੰਮਤ ਤੇ ਰੱਖ-ਰਖਾਅ ਦੀ ਘਾਟ ਕਾਰਨ ਵਾਪਰਿਆ। ਕੁਝ ਹੀ ਮਿੰਟਾਂ ’ਚ ਪਾਣੀ ਦਾ ਪੱਧਰ ਵੀਹ ਫੁੱਟ ਵੱਧ ਗਿਆ ਅਤੇ ਦਰਜਨਾਂ ਪਿੰਡ ਡੁੱਬ ਗਏ। ਉਨ੍ਹਾਂ ਸਥਾਨਕ ਪ੍ਰਸ਼ਾਸਨ ਤੋਂ ਰਾਹਤ ਸਮੱਗਰੀ ਜਿਵੇਂ ਕਿ ਭੋਜਨ, ਦਵਾਈਆਂ, ਸਾਫ਼ ਪੀਣ ਵਾਲਾ ਪਾਣੀ, ਅਸਥਾਈ ਰਿਹਾਇਸ਼ ਆਦਿ ਦੀ ਸਪਲਾਈ ਅਤੇ ਨੁਕਸਾਨੇ ਗਏ ਘਰਾਂ ਅਤੇ ਫਸਲਾਂ ਲਈ ਮੁਆਵਜ਼ੇ ਦੀ ਸਥਿਤੀ ਬਾਰੇ ਪੁੱਛਗਿੱਛ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਫੰਡਾਂ ਅਤੇ ਸਰੋਤਾਂ ਦੀ ਕੋਈ ਕਮੀ ਨਹੀਂ ਹੋਵੇਗੀ। ਕੇਂਦਰੀ ਰਾਜ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਮਨਰੇਗਾ ਤਹਿਤ ਪੰਜਾਹ ਦਿਨਾਂ ਦਾ ਵਾਧੂ ਰੁਜ਼ਗਾਰ ਦਿੱਤਾ ਜਾਵੇਗਾ। ਜਿਨ੍ਹਾਂ ਲੋਕਾਂ ਦੇ ਘਰ ਨੁਕਸਾਨੇ ਗਏ ਹਨ ਜਾਂ ਰੁੜ ਗਏ ਹਨ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਨਵੇਂ ਘਰ ਦਿੱਤੇ ਜਾਣਗੇ। ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਦੀਆਂ ਸਾਰੀਆਂ ਯੋਜਨਾਵਾਂ ਪੂਰੀ ਸਹਾਇਤਾ ਪ੍ਰਦਾਨ ਕਰਨਗੀਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਪੰਜਾਬ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਕੇਂਦਰ ਸਰਕਾਰ ਨਾ ਸਿਰਫ਼ ਤੁਰੰਤ ਰਾਹਤ ਪ੍ਰਦਾਨ ਕਰੇਗੀ, ਸਗੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਸਵੈ-ਨਿਰਭਰ ਅਤੇ ਸਸ਼ਕਤ ਬਣਾਉਣ ਲਈ ਵੀ ਕੰਮ ਕਰੇਗੀ। ਪਾਸਵਾਨ ਨੇ ਸਮਾਜਿਕ ਸੰਗਠਨਾਂ, ਸਵੈ-ਇੱਛੁਕ ਸੰਗਠਨਾਂ ਅਤੇ ਆਮ ਨਾਗਰਿਕਾਂ ਨੂੰ ਰਾਹਤ ਕਾਰਜਾਂ ਵਿਚ ਸਰਗਰਮ ਹਿੱਸਾ ਲੈਣ ਦਾ ਸੱਦਾ ਦਿੱਤਾ। ਦੌਰੇ ਤੋਂ ਬਾਅਦ, ਕੇਂਦਰੀ ਰਾਜ ਮੰਤਰੀ ਕਮਲੇਸ਼ ਪਾਸਵਾਨ ਭਾਜਪਾ ਮੰਡਲ ਪ੍ਰਧਾਨ ਇੰਦਰਜੀਤ ਸਿੰਘ ਦੇ ਨਿਵਾਸ ਪਿੰਡ ਰਮਦਾਸ ਪਹੁੰਚੇ। ਇਸ ਮੌਕੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ, ਕਿਸਾਨ ਮੋਰਚਾ ਦੇ ਕਰਨਲ ਸਿੰਘ, ਮਨਿੰਦਰ ਸਿੰਘ, ਰਮਨ ਜੁਲਕਾ, ਸੁਖਦੇਵ ਸਿੰਘ, ਮਿੰਟੂ ਜੁਲਕਾ, ਸਤਨਾਮ ਸਿੰਘ, ਅਮਰ ਸਿੰਘ, ਹਨੀ ਜੁਲਕਾ ਆਦਿ ਮਜੂਦ ਸਨ।



