
ਬਾਲ ਕਿਸ਼ਨ
ਫਿਰੋਜ਼ਪੁਰ, 14 ਅਕਤੂਬਰ : ਕੇਂਦਰੀ ਜੇਲ੍ਹ ਫਿਰੋਜ਼ਪੁਰ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਦਿਨ ਵੀ ਕੇਂਦਰੀ ਜੇਲ੍ਹ ਵਿਚ ਤਲਾਸ਼ੀ ਦੌਰਾਨ ਵੱਡੀ ਗਿਣਤੀ ਵਿਚ 23 ਮੋਬਾਇਲ ਫੋਨ, 12 ਹੈੱਡਫੋਨ ਅਤੇ ਨਸ਼ੀਲੇ ਪਦਾਰਥ ਮਿਲੇ ਹਨ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 52-ਏ, 42 ਪਰੀਸੰਨਜ਼ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਦੇ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਪੱਤਰ ਨੰਬਰ 5465 ਰਾਹੀਂ ਦੱਸਿਆ ਕਿ ਮਿਤੀ 8 ਅਕਤੂਬਰ 2025 ਨੂੰ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ 13 ਕੀਪੈਡ ਮੋਬਾਇਲ ਫੋਨ, 7 ਟੱਚ ਸਕਰੀਨ ਮੋਬਾਇਲ ਫੋਨ ਲਵਾਰਿਸ ਬਰਾਮਦ ਹੋਏ ਹਨ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਪੱਤਰ ਨੰਬਰ 5475 ਰਾਹੀਂ ਮਿਤੀ 8 ਅਕਤੂਬਰ 2025 ਨੂੰ 700 ਗ੍ਰਾਮ ਖੁੱਲਾ ਤੰਬਾਕੂ, 14 ਗ੍ਰਾਮ ਨਸ਼ੀਲਾ ਪਦਾਰਥ ਅਤੇ 27 ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਪਦਾਰਥ ਲਵਾਰਿਸ ਬਰਾਮਦ ਹੋਇਆ। ਪੱਤਰ ਨੰਬਰ 7216 ਮਿਤੀ 10 ਅਕਤੂਬਰ 2025 ਨੂੰ ਜੇਲ੍ਹ ਦੇ ਬਾਹਰੋਂ ਕਿਸੇ ਅਣਪਛਾਤੇ ਵਿਅਕਤੀ (ਫੈਕੇ) ਵਿਅਕਤੀਆਂ ਵੱਲੋਂ ਜੇਲ੍ਹ ਅੰਦਰ ਥਰੋ ਕੀਤੇ ਗਏ। ਉਨ੍ਹਾਂ ਫੈਕੇ ਦੀ ਤਲਾਸ਼ੀ ਕੀਤੀ ਤਾਂ ਉਸ ਵਿਚੋਂ 135 ਪੂੜੀਆਂ ਜਰਦਾ, 110 ਬੰਡਲ ਬੀੜੀਆਂ, 12 ਹੈਡਫੋਨ, 8 ਡਾਟਾ ਕੇਬਲ ਬਰਾਮਦ ਹੋਏ। ਪੱਤਰ ਨੰਬਰ 7227 ਮਿਤੀ 11 ਅਕਤੂਬਰ 2025 ਨੂੰ ਤਲਾਸ਼ੀ ਦੌਰਾਨ ਪੁਰਾਣੀ 7 ਨੰਬਰ ਬੈਰਕ ਵਿਚੋਂ 1 ਚਿੱਟੇ ਰੰਗ ਦਾ ਅਡਪਟਰ ਸਮੇਤ 1 ਲੀਡ ਲਵਾਰਿਸ ਹਾਲਤ ਵਿਚ ਬਰਾਮਦ ਹੋਈ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਪੱਤਰ ਨੰਬਰ 7243 ਮਿਤੀ 11 ਅਕਤੂਬਰ 2025 ਨੂੰ ਹਾਈ ਸਕਿਉਰਿਟੀ ਜੋਨ ਦੀ ਛੱਤ ਉਪਰ ਨਸ਼ੀਲਾ ਜਾਪਦਾ ਪਦਾਰਥ ਵਜਨ ਤਕਰੀਬਨ 1.90 ਗ੍ਰਾਮ ਸਮੇਤ ਪੋਲੀਥੀਨ ਕਾਗਜ ਵਿਚ ਲਪੇਟਿਆ ਹੋਇਆ ਲਵਾਰਿਸ ਹਾਲਤ ਵਿਚ ਬਰਾਮਦ ਹੋਇਆ। ਜਾਂਚਕਰਤਾ ਸ਼ਰਮਾ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।



