
ਬਰਨਾਲਾ, 27 ਅਗਸਤ: ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ ਕੁੱਟਮਾਰ ਕਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਜਸਨਪ੍ਰੀਤ ਸਿੰਘ ਪੁੱਤਰ ਤੇਜਿੰਦਰ ਸਿੰਘ ਵਾਸੀ ਬਾਜਾਖਾਨਾ ਰੋਡ ਬਰਨਾਲਾ ਨੇ ਬਿਆਨ ਲਿਖਵਾਇਆ ਕਿ 23 ਅਗਸਤ ਨੂੰ ਉਹ ਆਪਣੀ ਦੁਕਾਨ ਮਹਿਲ ਵੈਲਡਿੰਗ ਦੇ ਬਾਹਰ ਬੈਠਾ ਸੀ, ਤਾਂ ਉਨ੍ਹਾਂ ਦੀ ਦੁਕਾਨ ਦੇ ਸਾਹਮਣੇ ਇਕਦਮ ਇੱਕ ਮੋਟਰਸਾਈਕਲ ਰੁਕਿਆ, ਜਿਸ ਨੂੰ ਸੁਖਦੀਪ ਕੁਮਾਰ ਉਰਫ ਗਗਨਾ ਪੁੱਤਰ ਸੁਖਵਿੰਦਰ ਸਿੰਘ ਉਰਫ ਕਾਲਾ ਸਿੰਘ ਵਾਸੀ ਮਹਿਲ ਕਲਾ ਚਲਾ ਰਿਹਾ ਸੀ, ਜਿਸ ਦੇ ਪਿੱਛੇ ਰੁਪਿੰਦਰ ਕੁਮਾਰ ਉਰਫ ਸੋਨੀ, ਗਗਨਦੀਪ ਸਿੰਘ ਵਾਸੀ ਬਖਤਗੜ ਅਤੇ ਗੁਰਜੰਟ ਸਿੰਘ ਉਰਫ ਜੰਟਾ ਵਾਸੀ ਕੁਠਾਲਾ ਬੈਠੇ ਸਨ। ਜਿਨ੍ਹਾਂ ਦੇ ਹੱਥਾ ’ਚ ਡਾਂਗਾਂ ਅਤੇ ਰਾਡ ਸਨ। ਉਹ ਡਰ ਕੇ ਭੱਜ ਲਿਆ, ਉਕਤਾਨ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸ ਦੇ ਰੌਲਾ ਪਾਉਣ ’ਤੇ ਉਹ ਉਸ ਦਾ ਮੋਬਾਈਲ ਫੋਨ ਖੋਹ ਕੇ ਸਮੇਤ ਆਪਣੇ ਹਥਿਆਰਾਂ ਦੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਭੱਜ ਗਏ। ਪੁਲਿਸ ਨੇ ਪੀੜਤ ਦੇ ਬਿਆਨ ਦੇ ਆਧਾਰ ’ਤੇ ਸੁਖਦੀਪ ਕੁਮਾਰ ਉਰਫ ਗਗਨਾ, ਰੁਪਿੰਦਰ ਕੁਮਾਰ ਉਰਫ ਸੋਨੀ ਪੁੱਤਰਾਨ ਸੁਖਵਿੰਦਰ ਸਿੰਘ ਉਰਫ ਕਾਲਾ ਸਿੰਘ ਵਾਸੀ ਮਹਿਲ ਕਲਾ, ਗਗਨਦੀਪ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਬਖਤਗੜ ਅਤੇ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਹਰਜਿੰਦਰ ਸਿੰਘ ਵਾਸੀ ਕੁਠਾਲਾ ਖ਼ਿਲਾਫ਼ ਮੁਕੱਦਮਾ ਦਰਜ ਕੀਤਾ।



