
ਫਿਰੋਜ਼ਪੁਰ 5 ਫਰਵਰੀ (ਬਾਲ ਕਿਸ਼ਨ)-ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਸ਼ੇਰ ਖਾਂ ਵਿਖੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ’ਤੇ ਫਾਈਰਿੰਗ ਕਰਨ ਦੇ ਦੋਸ਼ ਵਿਚ ਥਾਣਾ ਕੁੱਲਗੜ੍ਹੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 125 ਬੀਐੱਨਐੱਸ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕੁਲਬੀਰ ਸਿੰਘ ਜ਼ੀਰਾ ਪੁੱਤਰ ਸਵ. ਇੰਦਰਜੀਤ ਸਿੰਘ ਵਾਸੀ ਅਵਾਨ ਰੋਡ ਜ਼ੀਰਾ ਨੇ ਦੱਸਿਆ ਕਿ ਉਹ 3 ਫਰਵਰੀ 2025 ਨੂੰ ਆਪਣੀ ਗੱਡੀ ਇਨੋਵਾ ਕ੍ਰਿਸਟਾ ਵਿਚ ਸਮੇਤ ਡਰਾਈਵਰ ਗੁਰਦੇਵ, ਪੀਏ ਅਕਾਸ਼ਦੀਪ ਸਿੰਘ, ਗੰਨਮੈਨ ਕਰਨੈਲ ਸਿੰਘ ਵਗੈਰਾ ਨਾਲ ਬਸਤੀ ਬੂਟਾਵਾਲੀ ਤੋਂ ਕਬੱਡੀ ਟੂਰਨਾਮੈਂਟ ਅਟੈਂਡ ਕਰਕੇ ਪਿੰਡ ਅਰਮਾਨਪੁਰਾ ਜਾ ਰਹੇ ਸੀ, ਜਿਥੇ ਨੰਬਰਦਾਰ ਅਮਰੀਕ ਸਿੰਘ ਦੇ ਘਰ 30-40 ਮਿੰਟ ਰੁਕ ਕੇ ਵਾਪਸ ਜ਼ੀਰਾ ਨੂੰ ਚੱਲ ਪਏ। ਕੁਲਬੀਰ ਸਿੰਘ ਜ਼ੀਰਾ ਨੇ ਦੱਸਿਆ ਕਿ ਕਰੀਬ 8.10 ਪੀਐੱਮ ਵਜੇ ਉਸ ਦੇ ਡਰਾਈਵਰ ਨੇ ਦੱਸਿਆ ਕਿ ਇਕ ਸ਼ੱਕੀ ਗੱਡੀ ਸਾਡਾ ਪਿੱਛਾ ਕਰ ਰਹੀ ਹੈ ਜੋ ਰਾਹ ਦੇਣ ਦੇ ਬਾਵਜੂਦ ਅੱਗੇ ਨਹੀਂ ਲੰਘ ਰਹੀ ਹੈ ਤੇ ਥੋੜ੍ਹਾ ਅੱਗੇ ਜਾ ਕੇ ਸ਼ੱਕੀ ਗੱਡੀ ਵਿਚ ਸਵਾਰਾਂ ਨੇ ਉਸ ਦੀ ਗੱਡੀ ’ਤੇ ਫਾਈਰਿੰਗ ਕਰ ਦਿੱਤੀ। ਕੁਲਬੀਰ ਸਿੰਘ ਜ਼ੀਰਾ ਨੇ ਦੱਸਿਆ ਕਿ ਉਸ ਨੂੰ ਗੰਨਮੈਨ ਤੇ ਪੀਏ ਨੇ ਦੱਸਿਆ ਕਿ ਦੋ ਫਾਇਰ ਹੋਏ ਹਨ ਤੇ ਉਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜਣ ਕਰਕੇ ਗੱਡੀ ਕੱਚੇ ਰਸਤੇ ਉੱਤਰ ਗਈ, ਇਸ ਦੇ ਬਾਵਜੂਦ ਸ਼ੱਕੀ ਗੱਡੀ ਸਵਾਰਾਂ ਨੇ 4 ਫਾਇਰ ਹੋਰ ਕਰ ਦਿੱਤੇ। ਕੁਝ ਦੂਰ ਜਾ ਕੇ ਜਦ ਅਸੀਂ ਪਿੰਡ ਕੁੱਲਗੜ੍ਹੀ ਪਹੁੰਚੇ ਤਾਂ ਸਾਡੀ ਗੱਡੀ ਤੇਜ਼ ਹੋਣ ਕਰਕੇ ਪਿੱਛੇ ਲੱਗੀ ਸ਼ੱਕੀ ਗੱਡੀ ਦਿੱਸਣਾ ਬੰਦ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।



