
ਬਠਿੰਡਾ, 6 ਅਗਸਤ : ਸ਼ਹਿਰ ਅੰਦਰ ਕਈ ਅਜਿਹੀਆਂ ਥਾਵਾਂ ਹਨ, ਜਿਹੜੀਆਂ ਕਿਸੇ ਦੀ ਯਾਦ ਵਿਚ ਬਣਾਈਆਂ ਗਈਆਂ ਹਨ ਪ੍ਰੰਤੂ ਬਹੁਤੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਅਜਿਹੀਆਂ ਥਾਵਾਂ ਅਸਲੀ ਨਾਮ ਦੀ ਬਜਾਏ ਕਿਸੇ ਹੋਰ ਨਾਵਾਂ ਨਾਲ ਪ੍ਰਸਿੱਧ ਹੋ ਗਈਆਂ ਹਨ। ਹਾਲਾਂਕਿ ਲੋਕਾਂ ਨੂੰ ਅਜਿਹੀਆਂ ਥਾਵਾਂ ਸਬੰਧੀ ਜਾਣਕਾਰੀ ਹੋਣੀ ਚਾਹੀਦੀ ਹੈ। ਬਠਿੰਡਾ ਦਾ ਫੌਜੀ ਚੌਂਕ ਅਸਲ ਵਿਚ ਸ਼ਹੀਦ ਜਮਾਂਦਾਰ ਨੰਦ ਸਿੰਘ ਚੌਂਕ ਹੈ। ਇਸ ਚੌਂਕ ਵਿਚ ਜਮਾਂਦਾਰ ਨੰਦ ਸਿੰਘ ਦਾ ਆਦਮ ਕੱਦ ਬੁੱਤ ਲੱਗਾ ਹੋਇਆ ਹੈ। ਫੌਜੀ ਵਰਦੀ ਵਿਚ ਜਮਾਂਦਾਰ ਨੰਦ ਸਿੰਘ ਦੇ ਹੱਥ ਵਿਚ ਬੰਦੂਕ ਹੈ, ਪਰ ਲੋਕ ਇਸ ਚੌਂਕ ਨੂੰ ਫੌਜੀ ਚੌਂਕ ਵਜੋਂ ਜਾਣਦੇ ਹਨ ਜੇਕਰ ਕਿਸੇ ਨੇ ਇਸ ਚੌਂਕ ਦਾ ਜ਼ਿਕਰ ਕਰਨਾ ਹੁੰਦਾ ਹੈ ਤਾਂ ਫਿਰ ਇਸ ਨੂੰ ਆਮ ਬੋਲੀ ਵਿਚ ਫੌਜੀ ਚੌਂਕ ਜਾਂ ਪੁਰਾਣਾ ਬੱਸ ਅੱਡਾ ਕਿਹਾ ਜਾਂਦਾ ਹੈ। ਅਸਲ ਵਿਚ ਇਹ ਚੌਂਕ ਇਕ ਬਹਾਦਰ ਅਤੇ ਕੁਰਬਾਨੀ ਵਾਲੇ ਮਹਾਨ ਸ਼ਹੀਦ ਜਮਾਂਦਾਰ ਨੰਦ ਸਿੰਘ ਦੇ ਨਾਮ ’ਤੇ ਬਣਿਆ ਹੋਇਆ ਹੈ। ਇਸ ਤਰ੍ਹਾਂ ਹੀ ਸਾਹਿਬਜ਼ਾਦਾ ਅਜੀਤ ਸਿੰਘ ਰੋਡ ਨੂੰ ਅਜੀਤ ਰੋਡ ਅਤੇ ਚੌਂਕ ਨੂੰ ਘੋੜੇ ਵਾਲਾ ਚੌਂਕ ਕਿਹਾ ਜਾਣ ਲੱਗਾ ਹੈ। ਬਾਕਸ ਕੌਣ ਨੇ ਸ਼ਹੀਦ ਜਮਾਂਦਾਰ ਨੰਦ ਸਿੰਘ? ਜਮਾਂਦਾਰ ਨੰਦ ਦਾ ਜਨਮ ਮਾਨਸਾ ਜ਼ਿਲ੍ਹੇ ਦੇ ਪਿੰਡ ਬਹਾਦਰਪੁਰ ਚ ਮਾਤਾ ਜੈ ਕੌਰ ਤੇ ਪਿਤਾ ਭਾਗ ਸਿੰਘ ਦੇ ਘਰ ਹੋਇਆ। ਉਹ 19 ਸਾਲ ਦੀ ਉਮਰ ਵਿਚ ਭਾਰਤੀ ਫੌਜ ਦੀ ਸਿੱਖ ਰੈਂਜੀਮੈਂਟ ਪਹਿਲੀ ਬਟਾਲੀਅਨ ਚ ਭਰਤੀ ਹੋ ਗਏ। ਸ਼ਹੀਦ ਨੰਦ ਸਿੰਘ ਉਹ ਯੋਧਾ ਸੀ, ਜਿਸ ਨੂੰ ਜਿਉਂਦੇ ਹੋਏ ਵਿਕਟੋਰੀਆ ਕਰਾਸ ਨਾਲ ਨਿਵਾਜਿਆ ਗਿਆ। ਮਹਾਰਾਜਾ ਪਟਿਆਲਾ ਭਲਇੰਦਰ ਸਿੰਘ ਨੇ ਖੁਦ ਬਹਾਦਰਪੁਰ ਪੁੱਜ ਕੇ ਆਪਣੇ ਪੁਰਖਿਆਂ ਦੀ ਨਿਸ਼ਾਨੀ ਤਲਵਾਰ ਨਾਲ ਸਨਮਾਨਿਤ ਕੀਤਾ ਸੀ। ਉਹ 12 ਦਸੰਬਰ 1947 ਨੂੰ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ, ਜਿਸ ਤੋਂ ਬਾਅਦ 1948 ਵਿਚ ਨੰਦ ਸਿੰਘ ਨੂੰ ਮਹਾਂਵੀਰ ਚੱਕਰ ਦੇ ਕੇ ਸਨਮਾਨਿਤ ਕੀਤਾ ਗਿਆ। ਮਾਨਸਾ ਜ਼ਿਲ੍ਹੇ ਦੇ ਬਰੇਟਾ ਦਾ ਬੱਸ ਸਟੈਂਡ ਦਾ ਨਾਮ ਵੀ ਉਕਤ ਯੋਧੇ ਦੇ ਨਾਮ ਤੇ ਰੱਖਿਆ ਗਿਆ ਹੈ। 6 ਜੂਨ 1944 ਨੂੰ ਜਾਰੀ ਕੀਤੇ ਗਏ ਵਿਕਟੋਰੀਆ ਕਰਾਸ ਦੇ ਸਰਟੀਫਿਕੇਟ ਵਿਚ ਦਰਜ ਹੈ ਕਿ ਨੰਦ ਸਿੰਘ ਨੇ ਆਪਣੇ ਹੱਥੀਂ 7 ਜਪਾਨੀਆਂ ਨੂੰ ਯਮਪੁਰੀ ਪਹੁੰਚਾਇਆ ਸੀ। 10 ਦਸੰਬਰ 1947 ਨੂੰ ਉੜੀ ਦੇ ਸਥਾਨ ’ਤੇ ਪਹਿਲੀ ਸਿੱਖ ਰੈਜੀਮੈਂਟ ਦੁਸ਼ਮਣਾਂ ਦੇ ਹਮਲੇ ਹੇਠ ਆ ਗਈ। ਜਦੋਂ ਨੰਦ ਸਿੰਘ ਇਕ ਬੰਕਰ ’ਤੇ ਖੜ੍ਹਾ ਹੋ ਕੇ ਮੈਦਾਨੇ ਜੰਗ ਦਾ ਮੁਆਇਨਾ ਕਰ ਰਿਹਾ ਸੀ ਤਾਂ ਨਜ਼ਦੀਕ ਹੀ ਘਾਤ ਲਗਾ ਕੇ ਬੈਠੇ ਦੁਸ਼ਮਣਾਂ ਨੇ ਛਾਤੀ ਵਿਚ ਮਸ਼ੀਨ ਗੰਨ ਦਾ ਬਰਸਟ ਮਾਰ ਕੇ ਉਸ ਨੂੰ ਸ਼ਹੀਦ ਕਰ ਦਿੱਤਾ। ਬਾਕਸ ਹੌਲੀ-ਹੌਲੀ ਬਣ ਗਿਆ ਘੋੜੇ ਵਾਲਾ ਚੌਕ ਸ਼ਹਿਰ ਦੀ 100 ਫੁੱਟੀ ਸੜਕ ’ਤੇ ਸਾਹਿਬਜ਼ਾਦਾ ਅਜੀਤ ਸਿੰਘ ਰੋਡ ਉੱਪਰ ਬਣਿਆ ਸਾਹਿਬਜ਼ਾਦਾ ਅਜੀਤ ਸਿੰਘ ਚੌਂਕ ਹੌਲੀ ਹੌਲੀ ਘੋੜੇਵਾਲਾ ਚੌਂਕ ਬਣ ਗਿਆ ਹੈ। ਇਸ ਪਿੱਛੇ ਕਈ ਘਟਨਾਵਾਂ ਹਨ, ਜਿਨ੍ਹਾਂ ਦਾ ਆਮ ਲੋਕਾਂ ਨੂੰ ਪਤਾ ਨਹੀਂ। ਇਸ ਚੌਂਕ ਵਿਚ ਘੋੜੇ ਤੇ ਸਵਾਰ ਸਾਹਿਬਜ਼ਾਦਾ ਅਜੀਤ ਸਿੰਘ ਦਾ ਬੁੱਤ ਇਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਓਡੀਸ਼ਾ ਦੇ ਕਾਰੀਗਰ ਤੋਂ ਹਰਿਦੁਆਰ ਦੀ ਫੈਕਟਰੀ ਵਿਚ ਤਿਆਰ ਕਰਵਾਇਆ ਗਿਆ ਸੀ। ਇਸ ਚੌਕ ਦਾ ਨਾਂ ਸਾਹਿਬਜ਼ਾਦਾ ਅਜੀਤ ਸਿੰਘ ਚੌਂਕ ਰੱਖਿਆ ਗਿਆ ਸੀ ਕਿਉਂਕਿ ਇਹ ਚੌਂਕ ਸਾਹਿਬਜ਼ਾਦਾ ਅਜੀਤ ਸਿੰਘ ਰੋਡ ਉੱਪਰ ਪੈਂਦਾ ਹੈ। ਜਦੋਂ ਉਕਤ ਬੁੱਤ ਨੂੰ ਚੌਂਕ ਵਿਚ ਸੁਸ਼ੋਭਿਤ ਕਰ ਦਿੱਤਾ ਗਿਆ ਤਾਂ ਕਿਸੇ ਨੇ ਇਸ ਦੀ ਸ਼ਿਕਾਇਤ ਉਸ ਸਮੇਂ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਕੋਲ ਕਰ ਦਿੱਤੀ ਕਿ ਸਾਹਿਬਜ਼ਾਦਿਆਂ ਦਾ ਬੁੱਤ ਨਹੀਂ ਲਗਾਇਆ ਜਾ ਸਕਦਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਨੇ ਬੁੱਤ ਨਾ ਲਗਾਉਣ ਦੇ ਆਦੇਸ਼ ਜਾਰੀ ਕਰ ਦਿੱਤੇ। ਇਸ ਤੋਂ ਬਾਅਦ ਬੁੱਤ ਬਣਾਉਣ ਵਾਲੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਮੈਂਬਰ ਜਥੇਦਾਰ ਸਾਹਿਬ ਨੂੰ ਮਿਲੇ ਪਰ ਮਾਮਲੇ ਦਾ ਹੱਲ ਨਾ ਹੋ ਸਕਿਆ। ਵਿਵਾਦ ਪੈਦਾ ਹੋਣ ਤੋਂ ਬਾਅਦ ਪ੍ਰਬੰਧਕਾਂ ਨੇ ਇਸ ਨੂੰ ਮਹਾਰਾਜਾ ਦਲੀਪ ਸਿੰਘ ਦਾ ਬੁੱਤ ਆਖ ਦਿੱਤਾ। ਜਦੋਂ ਉਕਤ ਬੁੱਤ ਨੂੰ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਨਗਰ ਨਿਗਮ ਵਿਚ ਦਿੱਤੇ ਗਏ ਦਸਤਾਵੇਜ਼ਾਂ ’ਤੇ ਇਸ ਦਾ ਨਾਂ ਸਾਹਿਬਜ਼ਾਦਾ ਅਜੀਤ ਸਿੰਘ ਚੌਂਕ ਰੱਖਿਆ ਗਿਆ ਸੀ। ਜਿਸ ਤੋਂ ਪਤਾ ਲੱਗਦਾ ਹੈ ਕਿ ਉਕਤ ਬੁੱਤ ਸਾਹਿਬਜ਼ਾਦਾ ਅਜੀਤ ਸਿੰਘ ਦਾ ਬਣਾਇਆ ਗਿਆ ਸੀ। ਵਿਵਾਦ ਪੈਦਾ ਹੋਣ ਤੋਂ ਬਾਅਦ ਹੌਲੀ ਹੌਲੀ ਇਸ ਦਾ ਨਾਂ ਘੋੜੇਵਾਲਾ ਚੌਂਕ ਪੈ ਗਿਆ। ਸਾਹਿਬਜ਼ਾਦਾ ਅਜੀਤ ਸਿੰਘ ਰੋਡ ਤੇ ਬਣੇ ਇਸ ਚੌਂਕ ਨੂੰ ਹੁਣ ਕੋਈ ਸਾਹਿਬਜ਼ਾਦਾ ਅਜੀਤ ਸਿੰਘ ਜਾਂ ਮਹਾਰਾਜਾ ਦਲੀਪ ਸਿੰਘ ਚੌਂਕ ਨਹੀਂ ਕਹਿੰਦਾ, ਸਗੋਂ ਹੁਣ ਇਸ ਨੂੰ ਘੋੜੇਵਾਲਾ ਚੌਂਕ ਦੇ ਨਾਂ ਤੋਂ ਬੁਲਾਇਆ ਜਾ ਰਿਹਾ ਹੈ। ਨਗਰ ਨਿਗਮ ਵਿਚ ਪਾਸ ਹੋਣ ਵਾਲੇ ਟੈਂਡਰਾਂ ਅਤੇ ਹੋਰ ਦਸਤਾਵੇਜ਼ਾਂ ਵਿਚ ਵੀ ਹੁਣ ਇਸ ਨੂੰ ਘੋੜੇ ਵਾਲਾ ਚੌਂਕ ਲਿਖਿਆ ਜਾਣ ਲੱਗਾ ਹੈ। ਅਸਲ ਵਿਚ ਇਹ ਸਾਹਿਬਜ਼ਾਦਾ ਅਜੀਤ ਸਿੰਘ ਚੌਕ ਹੈ। ਇਸ ਤਰ੍ਹਾਂ ਹੀ ਸਾਹਿਬਜ਼ਾਦਾ ਅਜੀਤ ਸਿੰਘ ਰੋਡ ਨੂੰ ਅਜੀਤ ਰੋਡ ਆਖਿਆ ਜਾਣ ਲੱਗਾ। ਭਾਵੇਂ ਕੁੱਝ ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਰੋਡ ਦੇ ਬੋਰਡ ਲਗਾ ਦਿੱਤੇ ਗਏ ਹਨ।



