
ਸ਼ਾਹਕੋਟ, 5 ਮਈ- ਫਿਲੀਪਾਈਨ ਦੀ ਫੇਰੀ ਤੇ ਗਏ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੰਗਤਾਂ ਨੂੰ ਜਿੱਥੇ ਗੁਰਬਾਣੀ ਨਾਲ ਜੋੜਿਆ ਜਾ ਰਿਹਾ ਹੈ ਉੱਥੇ ਹੀ ਪ੍ਰਵਾਸੀ ਪੰਜਾਬੀਆਂ ਨੂੰ ਗੁਰਬਾਣੀ ਅਨੁਸਾਰ ਜਵੀਨ ਬਤੀਤ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਇਹ ਫੇਰੀ ਸੰਤ ਸੀਚੇਵਾਲ ਵੱਲੋਂ ਉਸ ਵੇਲੇ ਕੀਤੀ ਜਾ ਰਹੀ ਹੈ ਜਦੋਂ ਪੰਜਾਬ ਦੇ ਸਭ ਤੋਂ ਪਲੀਤ ਬੁੱਢਾ ਦਰਿਆ ਨੂੰ ਸਾਫ਼ ਕਰਨ ਦੀ ਮੁਹਿੰਮ ਆਰੰਭੀ ਗਈ ਹੈ। ਉਨ੍ਹਾਂ ਪ੍ਰਵਾਸੀ ਪੰਜਾਬੀਆਂ ਨੂੰ ਸੂਬੇ ਦੀਆਂ ਨਦੀਆਂ ਤੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਗੁਰਦੁਆਰਾ ਦਸ਼ਮੇਸ਼ ਗੁਰਸਿੱਖ ਟੈਂਪਲ ਬੁਲਾਕਨ ਮਾਰਲਿਓ ਫਿਲਪਾਇਨ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ’ਚ ਸੰਗਤਾਂ ਨੂੰ ਸੰਬੋਧਨ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਦੀ ਹਾਲਤ ਬਹੁਤ ਬੁਰੀ ਤੇ ਖਾਸ ਕਰਕੇ ਲੁਧਿਆਣੇ ਦੇ ਬੁੱਢੇ ਦਰਿਆ ਦੀ ਹਾਲਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਬੁੱਢੇ ਦਰਿਆ ਨੂੰ ਮੁੜ ਤੋਂ ਪਵਿੱਤਰ ਬੁੱਢਾ ਦਰਿਆ ਬਣਾਉਣ ਦੀ ਕਾਰਸੇਵਾ ਲਗਾਤਾਰ ਚਲ ਰਹੀ ਹੈ। ਜਿਸ ਸਦਕਾ ਹਾਂਪੱਖੀ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਕੁਦਰਤ ਨਾਲ ਕੀਤੀ ਗਈ ਛੇੜ ਛਾੜ ਦਾ ਹੀ ਨਤੀਜਾ ਹੈ ਕਿ ਅੱਜ ਲੋਕਾਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਹੀ ਹੈ। ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿੰਦਿਆ ਕਿਹਾ ਕਿ ਅੱਜ ਲੋਕਾਈ ਪਰਮੇਸ਼ਵਰ ਨੂੰ ਭੁੱਲ ਗਈ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਤੇ ਖੁਸ਼ਹਾਲ ਜੀਵਨ ਜਿਊਣ ਲਈ ਗੁਰੂ ਦੀ ਬਾਣੀ ਤੇ ਅਮਲ ਕਰਨਾ ਪਵੇਗਾ ਤੇ ਵਾਤਾਵਰਨ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਸਮਝਣਾ ਪਵੇਗਾ। ਸੰਤ ਸੀਚੇਵਾਲ ਨੇ ਸੰਗਤਾਂ ਨੂੰ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੀ ਜੁਲਾਈ ’ਚ ਮਨਾਈ ਜਾਣ ਲਈ 25ਵੀਂ ਸਿਲਵਰ ਜੁਬਲੀ ਵਰ੍ਹੇਗੰਢ ਸਮਾਗਮਾਂ ’ਚ ਹਾਜ਼ਰ ਹੋਣ ਲਈ ਸੱਦਾ ਦਿੱਤਾ। ਇਸ ਮੌਕੇ ਧਾਰਮਿਕ ਸਮਾਗਮ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਸਨਮਾਨ ਕੀਤਾ ਗਿਆ। ਕੀਰਤਨੀ ਜੱਥੇ ਵੱਲੋਂ ਸੰਗਤਾਂ ਨੂੰ ਕੀਰਤਨ ਕਰਕੇ ਰੱਬੀ ਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਦੀਵਾਨ ’ਚ ਵੱਡੇ ਪੱਧਰ ’ਤੇ ਸੰਗਤਾਂ ਵੱਲੋ ਹਾਜ਼ਰੀ ਭਰੀ ਗਈ।



