
ਬਾਲ ਕਿਸ਼ਨ
ਫਿਰੋਜ਼ਪੁਰ / ਸ਼੍ਰੀ ਅੰਮ੍ਰਿਤਸਰ, 3 ਮਈ 2025 , ਹਾਲਾਂਕਿ ਸਰਕਾਰੀ ਤੌਰ ‘ਤੇ ਸਰਹੱਦ ਉੱਪਰ ਕਿਸੇ ਵੀ ਕਿਸਮ ਦੀ ਫੌਜ ਅਤੇ ਹੋਰ ਸੁਰੱਖਿਆ ਏਜੰਸੀਆਂ ਦੀ ਗਤੀਵਿਧੀ ਸਬੰਧੀ ਮੀਡੀਆ ਵੱਲੋਂ ਰਿਪੋਰਟਾਂ ਪੇਸ਼ ਕਰਨ ਤੇ ਪਾਬੰਦੀ ਹੈ ਪਰ ਫਿਰ ਵੀ ਕੁਝ ਲੋਕ ਇਹੋ ਜਿਹੀਆਂ ਕਾਰਵਾਈਆਂ ਤੋਂ ਟਲਦੇ ਨਹੀਂ ।
ਸੋਸ਼ਲ ਮੀਡੀਆ ਤੇ ਇੱਕ ਪੋਸਟ ਬੜੇ ਵੱਡੇ ਪੱਧਰ ‘ਤੇ ਵਾਇਰਲ ਹੋਈ ਕੇ ਰਾਤੋ –ਰਾਤ ਪਾਕਿਸਤਾਨ ਉੱਪਰ ਇੰਡੀਆ ਨੇ ਕੀਤਾ ਹਮਲਾ ਅਤੇ ਇਸਲਾਮਾਬਾਦ ਤੱਕ ਦਾ ਖੇਤਰ ਆਇਆ ਭਾਰਤ ਦੇ ਥੱਲੇ।
ਇੱਕ ਪਰਿਵਾਰ ਜਿਸ ਨੇ ਕਿ ਆਪਣਾ ਨਵਾਂ ਮਕਾਨ ਬਣਾਇਆ ਸੀ ਅਤੇ ਪੁਰਾਣੇ ਮਕਾਨ ਵਿੱਚੋਂ ਟਰਾਲੀ ਉੱਪਰ ਸਮਾਨ ਲੋਹੜ ਕਰਕੇ ਨਵੇਂ ਘਰ ਵੱਲ ਲੈ ਕੇ ਜਾ ਰਿਹਾ ਸੀ ਤਾਂ ਉਸ ਦੀ ਵੀਡੀਓ ਦੀ ਰਿਪੋਰਟਿੰਗ ਅਜਿਹੇ ਤਰੀਕੇ ਨਾਲ ਕੀਤੀ ਕਿ “ਬੀ ਐਸ ਐਫ ਨੇ ਪਿੰਡ ਖਾਲੀ ਕਰਨ ਲਈ ਕਿਹਾ ਅਤੇ ਲੋਕਾਂ ਦਾ ਉਜਾੜਾ ਹੋਇਆ ਸ਼ੁਰੂ“ ਹੈਡਿੰਗ ਤਹਿਤ ਹੋਈ ਕਵਰੇਜ ਨੇ ਅਜਿਹੀ ਤਰਥੱਲੀ ਮਚਾਈ ਕੇ ਨੈਸ਼ਨਲ ਲੈਵਲ ਦੇ ਚੈਨਲ ਬਾਰਡਰ ਉਪਰ ਆ ਕੇ ਜ਼ੀਰੋ ਲੈਵਲ ਦੀ ਰਿਪੋਰਟਿੰਗ ਕਰਨ ਲਈ ਪੁੱਜ ਗਏ। ਇੱਥੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਗਲਤੀ ਨਾਲ ਪਾਕਿਸਤਾਨ ਵੱਲ ਚਲੇ ਗਏ ਬੀ ਐਸ ਐਫ ਦੇ ਜਵਾਨ ਪੀ ਕੇ ਸਾਹੂ ਨੂੰ ਪਾਕਿਸਤਾਨੀ ਰੇਂਜਰਾਂ ਨੇ ਵਾਪਸ ਨਹੀਂ ਮੋੜਿਆ । ਸਰਹੱਦ ਉੱਪਰ ਬਣੀ ਹੋਈ ਜੁਆਇੰਟ ਚੈੱਕ ਪੋਸਟ ਉਪਰ ਪਾਕਿਸਤਾਨੀ ਰੇਂਜਰ ਅਤੇ ਬੀ ਐਸ ਐਫ ਦੇ ਅਫਸਰਾਂ ਦੌਰਾਨ 9.40 ਤੇ ਇੱਕ ਮੀਟਿੰਗ ਹੋਣ ਦੀ ਸੂਚਨਾ ਤਾਂ ਹੈ, ਪਰ ਬੀਐਸਐਫ ਜਵਾਨ ਨੂੰ ਹਾਲੇ ਤੱਕ ਵਾਪਸ ਨਹੀਂ ਕੀਤਾ ਗਿਆ ।ਬੀ ਐਸ ਐਫ ਦੇ ਇਸ ਜਵਾਨ ਦੀ ਪਤਨੀ ਅਤੇ ਹੋਰ ਪਰਿਵਾਰਿਕ ਮੈਂਬਰ ਵੀ ਫਿਰੋਜ਼ਪੁਰ ਪੁੱਜੇ ਹੋਏ ਹਨ, ਪਰ ਇਸ ਜਵਾਨ ਨੂੰ ਵਾਪਸ ਕਰਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਭਾਰਤ-ਪਾਕਿਸਤਾਨ ਸਰਹੱਦ ਉੱਪਰ ਲੱਗੀ ਹੋਈ ਕੰਡਿਆਲੀ ਤਾਰ ਤੋਂ ਪਾਰ ਜਾਣ ਲਈ ਬੀ.ਐਸ.ਐਫ ਦੇ ਗਾਰਡ ਜੋ ਪਹਿਲਾਂ ਦੋ ਦੀ ਗਿਣਤੀ ਵਿੱਚ ਜਾਂਦੇ ਸੀ ਹੁਣ ਵਧੇਰੇ ਗਿਣਤੀ ਵਿੱਚ ਜਾਂ ਆਉਣ ਲੱਗੇ ਹਨ । ਕਿਸਾਨਾਂ ਵੱਲੋਂ ਫਸਲ ਤਾਂ ਕੱਟ ਲਈ ਹੈ ਅਤੇ ਤੂੜੀ ਬਣਾਉਣ ਲਈ ਜਿਨਾਂ ਨੇ ਕੰਡਿਆਲੀ ਤਾਰ ਤੋਂ ਅੱਗੇ ਜਾਣਾ ਸੀ, ਉਹਨਾਂ ਨੂੰ ਵਰਜਿਆ ਨਹੀਂ ਗਿਆ। ਵੈਸੇ ਆਮ ਵਾਂਗ ਜਿਸ ਤਰ੍ਹਾਂ ਕਿਸਾਨ ਹਰਾ ਚਾਰਾ ਲੈਣ ਲਈ ਰੋਜ਼ਾਨਾ ਅੱਗੇ ਜਾਂਦੇ ਸੀ ਉਹ ਸਰਗਰਮੀਆਂ ਹਾਲ ਦੀ ਘੜੀ ਠੱਪ ਹਨ । ਨੈਸ਼ਨਲ ਲੈਵਲ ਦੇ ਟੀ ਵੀ ਚੈਨਲਾਂ ਵੱਲੋਂ ਕੀਤੀ ਜਾ ਰਹੀ ਰਿਪੋਰਟਿੰਗ ਤੋਂ ਇੰਜ ਲੱਗਦਾ ਹੈ ਕਿ ਜਿਸ ਤਰ੍ਹਾਂ ਬਸ ਕੁਝ ਮਿੰਟਾਂ ਵਿੱਚ ਹੀ ਜੰਗ ਸ਼ੁਰੂ ਹੋਣ ਵਾਲਾ ਹੈ। ਇਸ ਤਰ੍ਹਾਂ ਦੀ ਦੀ ਰਿਪੋਰਟਿੰਗ ਤੋਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਅਤੇ ਦੇਸ਼ ਭਾਰਤ ਵਿੱਚ ਬੈਠੇ ਭਾਰਤੀ ਲੋਕ ਸਰਹੱਦ ਤੇ ਵਸੇ ਆਪਣੇ ਰਿਸ਼ਤੇਦਾਰਾਂ ਲਈ ਚਿੰਤਿਤ ਜਰੂਰ ਹੁੰਦੇ ਹਨ ਅਤੇ ਫੋਨ ਕਰਕੇ ਉਹਨਾਂ ਦਾ ਹਾਲ ਚਾਲ ਜਾਨਣ ਲਈ ਸੰਪਰਕ ਸਾਧਦੇ ਦਿਖਾਈ ਦਿੰਦੇ ਹਨ। ਬਾਕੀ ਬਣੇ ਹੋਏ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨਾਂ ਦਾ ਨੁਕਸਾਨ ਇਹ ਹੋ ਰਿਹਾ ਹੈ ਕਿ ਸਾਹਮਣੇ ਸਾਉਣੀ ਦੀਆਂ ਫਸਲਾਂ ਬੀਜਣ ਦਾ ਸਮਾਂ ਆ ਰਿਹਾ ਹੈ। ਕਿਸਾਨਾਂ ਵੱਲੋਂ ਬਾਸਮਤੀ ਅਤੇ ਝੋਨੇ ਦੀ ਪਨੀਰੀ ਵੀ ਬੀਜਣੀ ਹੈ ਅਤੇ ਕੁਝ ਕਿਸਾਨ ਝੋਨੇ ਤੋਂ ਪਹਿਲਾਂ ਮੂੰਗੀ ਅਤੇ ਹੋਰ ਦਾਲਾਂ ਦੀ ਕਾਸ਼ਤ ਵੀ ਕਰਦੇ ਹਨ। ਉਹਨਾਂ ਦਾ ਕੰਮ ਇਸ ਵਾਰ ਕੰਡਿਆਲੀ ਤਾਰ ਤੋਂ ਪਾਰ ਵਾਲੀ ਜਮੀਨ ਵਿੱਚ ਹਾਲ ਦੇ ਘੜੀ ਰੁਕਿਆ ਹੋਇਆ।



