ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਅੱਜ ਸ਼ਹੀਦਾਂ ਨੂੰ ਸਮਰਪਿਤ ਫਿਰੋਜ਼ਪੁਰ ਦੀ ਦਾਣਾ ਮੰਡੀ ਵਿਖੇ ਬੀਬੀਆਂ ਦੀ ਵਿਸ਼ਾਲ ਕਨਵੈਨਸ਼ਨ
ਜ਼ਿਲ੍ਹਾ ਪੱਧਰੀ ਬੀਬੀਆਂ ਦਾ ਸੰਗਠਨ ਬਣਾਇਆ ਤੇ ਮਾਨ ਸਰਕਾਰ ਦੇ ਜ਼ਬਰ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ
ਫ਼ਿਰੋਜ਼ਪੁਰ, 23 ਮਾਰਚ (ਬਾਲ ਕਿਸ਼ਨ)– ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੀ ਜ਼ਿਲ੍ਹਾ ਕਮੇਟੀ ਦੀ ਪ੍ਰਧਾਨਗੀ ਹੇਠ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵੱਲੋਂ ਫਿਰੋਜ਼ਪੁਰ ਦੀ ਛਾਉਣੀ ਦਾਣਾ ਮੰਡੀ ਵਿਖੇ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਮਰਪਿਤ ਸ਼ਹੀਦਾਂ ਨੂੰ ਯਾਦ ਕਰਦਿਆਂ ਬੀਬੀਆਂ ਦੀ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕਰਦਿਆਂ ਸਟੇਜ ਸਕੱਤਰ ਦੀ ਭੂਮਿਕਾ ਰਣਬੀਰ ਸਿੰਘ ਰਾਣਾ ਨੇ ਨਿਭਾਈ। ਕਿਸਾਨ ਆਗੂਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਸਤਨਾਮ ਸਿੰਘ ਪੰਨੂ, ਸੁਖਜੀਤ ਕੌਰ ਬੁੱਕਣ ਵਾਲਾ, ਹਰਮੀਤ ਕੌਰ ਬਾਘਾਪੁਰਾਣਾ, ਸੁਖਵਿੰਦਰ ਕੌਰ ਮਾਹਲਾ ਖੁਰਦ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਦੀ ਮਾਨ ਸਰਕਾਰ ਵੱਲੋਂ ਕੀਤੇ ਸ਼ੰਭੂ, ਖਨੌਰੀ ਬਾਰਡਰਾਂ ਤੇ ਕੀਤੇ ਜਬਰ ਦੀ ਸਖਤ ਨਿਖੇਧੀ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਗਿ੍ਰਫਤਾਰ ਕੀਤੇ ਕਿਸਾਨਾਂ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕੀਤਾ ਜਾਵੇ ਤੇ ਕਿਸਾਨਾਂ ਮਜ਼ਦੂਰਾਂ ਦੇ ਸਮਾਨ ਦੀ ਕੀਤੀ ਭੰਨਤੋੜ ਦੀ ਭਰਪਾਈ ਵੀ ਸਰਕਾਰ ਵੱਲੋਂ ਕਰਵਾਈ ਜਾਵੇਗੀ। ਸੂਬਾ ਆਗੂਆਂ ਨੇ ਕਿਹਾ ਆਉਣ ਵਾਲੇ ਦਿਨਾਂ ਵਿੱਚ ਹੋਰਨਾਂ ਜ਼ਿਲਿ੍ਹਆ ਵਿੱਚ ਵੀ ਬੀਬੀਆਂ ਦੇ ਸੰਗਠਨ ਬਣਾਏ ਜਾਣਗੇ ਤੇ ਭਗਵੰਤ ਮਾਨ ਦੀ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਦੀ ਪੁਲਿਸ ਵੱਲੋਂ ਕੀਤੇ ਬਾਰਡਰਾਂ ਤੇ ਦੁਖਦਾਈ ਵਰਤਾਰੇ ਵਿਰੁੱਧ 25 ਮਾਰਚ ਤੱਕ ਲਗਾਤਾਰ ਪਿੰਡ ਪੱਧਰੀ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਤੇ ਸੀਨੀਅਰ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮ ਕੇ ਤੇ ਐੱਸਐੱਚਓ ਵੱਲੋਂ ਕੀਤੀ ਕੁੱਟਮਾਰ ਅਤੇ ਗਾਲੀ ਗਲੋਚ ਦੀ ਸਖ਼ਤ ਨਿੰਦਾ ਕਰਦੇ ਹਾਂ, ਉਕਤ ਪੁਲਿਸ ਅਫਸਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਬਰੀ ਐਕਵਾਇਰ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਜ਼ਮੀਨਾਂ ਵਿਚੋਂ ਬਾਹਰ ਕੱਢਣ ਤੇ ਮੋਦੀ ਦੀ ਹਕੂਮਤ ਦੇ ਇਸ਼ਾਰੇ ਤੇ ਕੰਮ ਕਰ ਰਹੀ ਮਾਨ ਸਰਕਾਰ ਨੂੰ ਪੰਜਾਬ ਦੇ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ, ਭਗਵੰਤ ਮਾਨ ਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਵਾਅਦੇ ਤੇ ਦੇਸ਼ ਦੇ ਸ਼ਹੀਦਾਂ ਦੇ ਸੁਪਨਿਆਂ ਦੇ ਰਾਜ ਸਿਰਜਣ ਦੇ ਜੋ ਬੋਲ ਬੋਲੇ ਸਨ ਅੱਜ ਉਨ੍ਹਾਂ ਵਾਅਦਿਆਂ ਤੋਂ ਪੰਜਾਬ ਸਰਕਾਰ ਬਿਲਕੁਲ ਹੀ ਭੱਜ ਚੁੱਕੀ ਹੈ ਤੇ ਪੰਜਾਬ ਵਿੱਚ ਨਸ਼ਿਆਂ, ਬੇਰੁਜ਼ਗਾਰੀ, ਲੁੱਟਾਂ ਖੋਹਾਂ ਤੇ ਦੇਸ਼ ਤੇ ਪੰਜਾਬ ਨੂੰ ਲੁੱਟਣ ਵਾਲਿਆਂ ਦਾ ਰਾਜ ਕਾਇਮ ਹੈ। ਕਿਸਾਨ ਆਗੂਆਂ ਗੁਰਮੇਲ ਸਿੰਘ ਫੱਤੇਵਾਲਾ, ਧਰਮ ਸਿੰਘ ਸਿੱਧੂ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਰਣਜੀਤ ਸਿੰਘ ਖੱਚਰਵਾਲਾ, ਨਰਿੰਦਰਪਾਲ ਸਿੰਘ ਜਤਾਲਾ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਤੇ ਆਪਣੀਆਂ ਹੱਕੀ ਮੰਗਾਂ ਲਈ ਕਿਰਤੀ ਕਾਮਿਆਂ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ, ਵਪਾਰੀਆਂ, ਮੁਲਾਜ਼ਮਾਂ ਤੇ ਆਮ ਲੋਕਾਂ ਨੂੰ ਇਕੱਠੇ ਹੋ ਕੇ ਲੜਨਾ ਹੀ ਪਵੇਗਾ। ਇਸ ਮੌਕੇ ਸੁਰਜੀਤ ਸਿੰਘ ਫੌਜ਼ੀ, ਅਮਨਦੀਪ ਸਿੰਘ ਕੱਚਰਭੰਨ, ਹਰਫੂਲ ਸਿੰਘ ਦੂਲੇਵਾਲਾ, ਬੀਬੀ ਸੁਖਬੀਰ ਕੌਰ ਕਾਮਲ ਵਾਲਾ, ਹਰਜਿੰਦਰ ਕੌਰ ਜੀਆਂ ਬੱਗਾ, ਮਨਜੀਤ ਕੌਰ ਬਾਹਰਵਾਲੀ, ਮਹਿੰਦਰ ਕੌਰ ਲੱਖਾ ਹਾਜੀ, ਮਨਜੀਤ ਕੌਰ ਕਮਾਲਾ ਬੋਦਲਾਂ, ਸੰਦੀਪ ਕੌਰ ਹਜ਼ਾਰਾਂ ਸਿੰਘ ਵਾਲਾ, ਸਵਰਨ ਕੌਰ ਖਾਈ ਫੇਮੇਕੀ, ਪਿਆਰ ਕੌਰ ਸੰਤੂ ਵਾਲਾ, ਅਮਰਜੀਤ ਕੌਰ ਮਾਦੀਕੇ,ਬਲਰਾਜ ਸਿੰਘ ਫੇਰੋਕੇ, ਵੀਰ ਸਿੰਘ ਨਿਜਾਮਦੀਨ ਵਾਲਾ, ਗੁਰਬਖ਼ਸ਼ ਸਿੰਘ ਪੰਜਗਰਾਈਂ, ਮੱਖਣ ਸਿੰਘ ਵਾੜਾ, ਗੁਰਨਾਮ ਸਿੰਘ ਅਲੀਕੇ, ਮੰਗਲ ਸਿੰਘ ਸਵਾਈਕੇ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।



