
ਮੋਗਾ, 22 ਜੁਲਾਈ : ਗਿੱਲਜ ਕਲੱਬ ਅਤੇ ਸਿਵਲ ਸੁਸਾਇਟੀ ਮੋਗਾ ਦੀ ਪਹਿਲ ਤੇ ਸਰਕਾਰ ਦੀ ਲੈਂਡ ਪੂਲਿੰਗ ਪਾਲਸੀ ਤੇ ਗਿੱਲ ਹਸਪਤਾਲ ਦੁਸਾਂਝ ਰੋਡ ਮੋਗਾ ਵਿਖੇ ਇਕ ਸੈਮੀਨਾਰ ਦਾ ਕੀਤਾ ਗਿਆ। ਇਸ ਸੈਮੀਨਾਰ ਵਿਚ ਕਿਸਾਨ ਜੱਥੇਬੰਦੀਆਂ, ਲੈਂਡ ਪੂਲਿੰਗ ਤੋਂ ਪ੍ਰਭਾਵਿਤ ਕਿਸਾਨਾਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਸੈਮੀਨਾਰ ਦੀ ਸ਼ੁਰੂਆਤ ਵਿਚ ਡਾ. ਕੁਲਦੀਪ ਸਿੰਘ ਗਿੱਲ ਵੱਲੋਂ ਏਜੰਡਾ ਪੇਸ਼ ਕਰਦਿਆਂ ਸਭ ਨੂੰ ਇਸ ਸੰਵੇਦਨਸ਼ੀਲ ਮੁੱਦੇ ’ਤੇ ਆਪਣੇ ਵਿਚਾਰ ਰੱਖਣ ਦੀ ਅਪੀਲ ਕੀਤੀ। ਏਜੰਡੇ ਤੇ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬਲੌਰ ਸਿੰਘ ਘੱਲ ਕਲਾਂ, ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਬੀਕੇਯੂ ਬ੍ਰਾਹਮਕੇ ਤੋਂ ਤੋਤਾ ਸਿੰਘ, ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ, ਬੀਕੇਯੂ ਖੋਸਾ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ, ਬੀਕੇਯੂ ਰਾਜੇਵਾਲ ਦੇ ਆਗੂ ਮਨਪ੍ਰੀਤ ਸਿੰਘ ਸਿੱਧੂ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਸੂਰਤ ਸਿੰਘ, ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਰਾਜੇਆਣਾ, ਕਾਲੇ ਪਾਣੀ ਦਾ ਮੋਰਚਾ ਦੇ ਆਗੂ ਅਮਿਤੋਜ ਮਾਨ, ਲੋਕ ਅਧਿਕਾਰ ਲਹਿਰ ਦੇ ਆਗੂ ਬਲਵਿੰਦਰ ਸਿੰਘ, ਪਿੰਡ ਰੌਲੀ ਦੇ ਸਰਪੰਚ ਗੁਰਵਿੰਦਰ ਸਿੰਘ, ਬੁੱਘੀਪੁਰਾ ਦੇ ਸਰਪੰਚ ਮਨਜੀਤ ਸਿੰਘ, ਚੁਗਾਵਾਂ ਦੇ ਸਰਪੰਚ ਬਲਜੀਤ ਸਿੰਘ, ਤਲਵੰਡੀ ਭੰਗੇਰੀਆਂ ਦੇ ਸਰਪੰਚ ਗੁਰਜੰਟ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ, ਚੇਅਰਮੈਨ ਹਰਿੰਦਰ ਸਿੰਘ ਬਰਾੜ, ਸਮਾਜ ਸੇਵੀ ਸੁਖਦੀਪ ਸਿੰਘ ਭੰਮ, ਜਸਵਿੰਦਰ ਸਿੰਘ ਸਰਾਵਾਂ, ਕੁਲਵਿੰਦਰ ਸਿੰਘ ਮਾਨ, ਅਮ੍ਰਿਤ ਲਾਲ ਅਨੇਜਾ ਅਤੇ ਐੱਡ. ਹਰਜੀਤ ਸਿੰਘ, ਸਿਵਲ ਸੁਸਾਇਟੀ ਮੋਗਾ ਦੇ ਆਗੂ ਅਜੇ ਗੋਰਾ ਸੂਦ, ਬਲਵਿੰਦਰ ਸਿੰਘ ਰੋਡੇ ਅਤੇ ਅਮਰਜੀਤ ਸਿੰਘ ਜੱਸਲ ਆਦਿ ਬੁਲਾਰਿਆਂ ਨੇ ਲੈਂਡ ਪੂਲਿੰਗ ਪਾਲਸੀ ਨੂੰ ਸਿਰੇ ਤੋਂ ਨਕਾਰਦਿਆਂ ਇਸ ਨੂੰ ਕਿਸਾਨ ਅਤੇ ਆਮ ਲੋਕਾਂ ਵਿਰੋਧੀ ਗਰਦਾਨਿਆ। ਉਨ੍ਹਾਂ ਇਸ ਪਾਲਸੀ ਨੂੰ ਤੁਰੰਤ ਰੱਦ ਕਰਨ ਅਤੇ ਇਸ ਪਾਲਸੀ ਅਧੀਨ ਕਬਜਾਈ ਜਾ ਰਹੀ ਜਮੀਨ ਦੀ ਲੋੜ ਹੈ ਜਾਂ ਨਹੀਂ ਇਸ ਤੇ ਪੁਨਰਵਿਚਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਇਸ ਜ਼ਮੀਨ ਦੀ ਉਪਜਾਊ ਸ਼ਕਤੀ ਦੇਸ਼ ਲਈ ਵਰਦਾਨ ਹੈ ਪਰ ਕੇਂਦਰ ਅਤੇ ਰਾਜ ਸਰਕਾਰ ਇੱਕ ਸਾਜਿਸ਼ ਦੇ ਤਹਿਤ ਪੰਜਾਬ ਦੇ ਲੋਕਾਂ ਦੀ ਅਣਖ ਨੂੰ ਖਤਮ ਕਰਨ ਲਈ ਅਤੇ ਸਰਮਾਏਦਾਰਾਂ ਦੀਆਂ ਜੇਬਾਂ ਭਰਨ ਲਈ ਇਸ ਪਾਲਸੀ ਤਹਿਤ ਜ਼ਮੀਨਾਂ ’ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ ਤੇ ਬਹਾਦਰ ਪੰਜਾਬੀ ਇਸ ਸਾਜਿਸ਼ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਇਸ ਮੌਕੇ ਡਾ. ਕੁਲਦੀਪ ਸਿੰਘ ਗਿੱਲ ਨੇ ਪਹਿਲੇ ਕਿਸਾਨ ਅੰਦੋਲਨ ਵਾਂਗ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਵਪਾਰੀਆਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੂੰ ਇੱਕਜੁਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਡੇ ਏਕੇ ਨਾਲ ਹੀ ਇਸ ਸੰਘਰਸ਼ ਵਿੱਚ ਜਿੱਤ ਸੰਭਵ ਹੈ। ਸੈਮੀਨਾਰ ਦੇ ਅੰਤ ਵਿਚ ਸਿਵਲ ਸੁਸਾਇਟੀ ਮੋਗਾ ਦੇ ਪ੍ਰਜੀਡੀਅਮ ਮੈਂਬਰ ਮਹਿੰਦਰ ਪਾਲ ਲੂੰਬਾ ਵੱਲੋਂ ਮਤਾ ਪੇਸ਼ ਕੀਤਾ ਗਿਆ ਕਿ ਅੱਜ ਦਾ ਇਕੱਠ ਸਰਕਾਰ ਦੀ ਲੈਂਡ ਪੂਲਿੰਗ ਪਾਲਸੀ ਦਾ ਵਿਰੋਧ ਕਰਦਾ ਹੈ ਤੇ ਇਸ ਪਾਲਸੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਾ ਹੈ। ਲੈਂਡ ਪੂਲਿੰਗ ਪਾਲਸੀ ਦੇ ਵਿਰੋਧ ਵਿਚ ਜੋ ਵੀ ਸੰਘਰਸ਼ ਵਿੱਢਿਆ ਜਾਵੇਗਾ ਉਸ ਵਿਚ ਆਮ ਲੋਕ ਦਿੱਲੀ ਕਿਸਾਨ ਸੰਘਰਸ਼ ਵਾਂਗ ਇੱਕਜੁਟ ਹੋ ਕੇ ਆਪਣੇ ਕਿਸਾਨ ਭਰਾਵਾਂ ਦਾ ਸਾਥ ਦੇਣਗੇ। ਇਸ ਮੌਕੇ ਚਮਕੌਰ ਸਿੰਘ ਕੌਰੀ ਕਿਸ਼ਨਪੁਰਾ, ਜਿੰਦਰ ਗਿੱਲ ਘੋਲੀਆ, ਵੀ ਪੀ ਸੇਠੀ, ਮਨਿੰਦਰ ਸਿੰਘ ਬੇਦੀ, ਕੰਵਲਜੀਤ ਸਿੰਘ ਮਹੇਸ਼ਰੀ, ਚਮਕੌਰ ਸਿੰਘ ਘੋਲੀਆ, ਬਲਕਰਨ ਸਿੰਘ, ਰਸ਼ਪਾਲ ਸਿੰਘ, ਐਡਵੋਕੇਟ ਗੁਰਿੰਦਰ ਸਿੰਘ ਸਿੱਧੂ, ਨਿਰਮਲ ਸਿੰਘ ਬੋਤੀਆਂ ਵਾਲਾ ਆਦਿ ਹਾਜ਼ਰ ਸਨ।



