
ਤਰਨਤਾਰਨ, 21 ਜੁਲਾਈ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਸੋਮਵਾਰ ਤੋਂ ਐੱਸਐੱਸਪੀ ਦਫਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾ ਰਿਹਾ ਹੈ। ਧਰਨੇ ’ਚ ਪਹਿਲੇ ਦਿਨ 4 ਜ਼ੋਨਾਂ ਵੱਲੋਂ ਬੈਠਿਆ ਜਾਵੇਗਾ ਤੇ ਧਰਨੇ ਦੀਆਂ ਸਾਰੇ ਜ਼ੋਨਾਂ ਦੀਆਂ ਜ਼ਿੰਮੇਵਾਰੀਆਂ ਤਹਿਤ ਕੀਤੀਆਂ ਜਾ ਚੁੱਕੀਆਂ ਹਨ। ਹਰ ਰੋਜ਼ ਪਿੰਡਾਂ ’ਚੋਂ ਪ੍ਰਸ਼ਾਦੇ ਤੇ ਦੁੱਧ ਆਦਿ ਇਕੱਠਾ ਕਰਕੇ ਲਿਆਂਦਾ ਜਾਵੇਗਾ ਤੇ ਐੱਸਐੱਸਪੀ ਦਫਤਰ ਵਿਖੇ ਵੀ ਲੰਗਰ ਚਲਾਇਆ ਜਾਵੇਗਾ। ਜ਼ੋਨ ਬਾਬਾ ਬੀਰ ਸਿੰਘ ਜੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੁਗਲਵਾਲਾ ਤੇ ਜਨਰਲ ਸਕੱਤਰ ਬਲਜਿੰਦਰ ਸਿੰਘ ਸੇਰੋਂ ਨੇ ਧਰਨੇ ਦੀਆਂ ਮੀਟਿੰਗਾਂ ਕਰਕੇ ਕਿਹਾ ਕਿ ਤਰਨ ਤਰਨ ਜ਼ਿਲ੍ਹੇ ਦੇ ਐੱਸਐੱਸਪੀ ਦਫਤਰ ਅੱਗੇ ਧਰਨੇ ਦੌਰਾਨ ਪੁਲਿਸ ਪ੍ਰਸ਼ਾਸਨ ਦੇ ਕਾਲੇ ਕਾਰਨਾਮਿਆਂ ਨੂੰ ਆਮ ਲੋਕਾਂ ਸਾਹਮਣੇ ਰੱਖਿਆ ਜਾਵੇਗਾ ਕਿ ਪੁਲਿਸ ਕਿਵੇਂ ਨਸ਼ੇ ਦੇ ਕਾਰੋਬਾਰ ਵਿਚ ਗਲਤਾਨ ਹੋ ਚੁੱਕੀ ਹੈ ਤੇ ਕਿਵੇਂ ਨਸ਼ੇ ਵਿਚ ਪੁਲਿਸ ਦੇ ਆਪਣੇ ਕਰਮਚਾਰੀ ਗਰਕ ਹੋ ਰਹੇ ਹਨ। ਯੁੱਧ ਨਸ਼ਿਆਂ ਵਿਰੁੱਧ ਤਹਿਤ ਇਕ ਡਰਾਮੇਬਾਜ਼ੀ ਹੀ ਕੀਤੀ ਜਾ ਰਹੀ ਹੈ ਤੇ ਆਮ ਲੋਕਾਂ ਉੱਤੇ ਪੁਲਿਸ ਸਹਿਮ ਦਾ ਮਾਹੌਲ ਬਣਾ ਰਹੀ ਹੈ। ਧੜਾ ਧੜ ਲੋਕਾਂ ’ਤੇ ਪਰਚੇ ਕਰਕੇ ਜੇਲ੍ਹਾਂ ’ਚ ਭੇਜਿਆ ਜਾ ਰਿਹਾ ਹੈ ਤੇ ਨਸ਼ਾ ਵੇਚਣ ਵਾਲੇ ਵੱਡੇ ਮਗਰਮੱਛਾਂ ਨੂੰ ਪੁਲਿਸ ਹੱਥ ਨਹੀਂ ਪਾ ਰਹੀ। ਸੱਤਾਧਾਰੀ ਲੋਕਾਂ ਵੱਲੋਂ ਦਿਨ ਦਿਹਾੜੇ ਗੁੰਡਾਗਰਦੀ ਕੀਤੀ ਜਾ ਰਹੀ ਹੈ ਤੇ ਲੋਕਾਂ ਦੀਆਂ ਜਾਇਦਾਦਾਂ ’ਤੇ ਕਬਜ਼ੇ ਕੀਤੇ ਜਾ ਰਹੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 8 ਅਪ੍ਰੈਲ ਨੂੰ ਇਕ ਥਾਣੇਦਾਰ ਦਾ ਕਤਲ ਹੁੰਦਾ ਹੈ ਤੇ ਪੁਲਿਸ ਦੇ ਡੀਐੱਸਪੀ ਦੇ ਬਿਆਨ ਦੇ ਆਧਾਰ ’ਤੇ ਪਰਚਾ ਦਰਜ ਹੁੰਦਾ ਹੈ। ਪਰ 28 ਮਈ ਨੂੰ ਡੀਐੱਸਪੀ ਦੀ ਇਨਕੁਆਰੀ ’ਚ ਕਤਲ ਕਰਨ ਵਾਲਾ ਸਰਪੰਚ ਆਪਣੇ ਸਾਥੀਆਂ ਸਮੇਤ ਜੇਲ੍ਹ ’ਚੋਂ ਬਾਹਰ ਵੀ ਆ ਜਾਂਦਾ ਹੈ। ਇਸ ਮੌਕੇ ਹਾਜ਼ਰ ਆਗੂ ਸੁਖਦੇਵ ਸਿੰਘ ਸ਼ਹਾਬਪੁਰ, ਸੰਤੋਖ ਸਿੰਘ ਕਲੇਰ, ਅਮਨਦੀਪ ਸਿੰਘ ਸੇਰੋ, ਮੇਜਰ ਸਿੰਘ ਦੁੱਗਲਵਾਲਾ, ਤਜਿੰਦਰ ਸਿੰਘ ਮੁਰਾਦਪੁਰਾ, ਸੁਖਦੇਵ ਸਿੰਘ ਦੀਨਪੁਰ, ਫਤਿਹ ਸਿੰਘ ਪਿੱਦੀ, ਗੁਰਦਿਆਲ ਸਿੰਘ ਨੌਰੰਗਾਬਾਦ, ਹਰਪ੍ਰੀਤ ਸਿੰਘ ਬੰਗਾਲੀਪੁਰ, ਬਲਜੀਤ ਸਿੰਘ ਬੇਗਮਪੁਰ, ਗਿਆਨਦੀਪ ਸਿੰਘ ਬਾਗੜੀਆਂ, ਹਰਦੀਪ ਸਿੰਘ ਸੰਘੇ, ਫੁੰਮਣ ਸਿੰਘ ਬਾਠ, ਗੁਰਸੇਵਕ ਸਿੰਘ ਅਲਾਵਲਪੁਰ, ਸ਼ਬੇਗ ਸਿੰਘ ਨੰਬਰਦਾਰ ਰਸੂਲਪੁਰ, ਤਜਿੰਦਰਪਾਲ ਸਿੰਘ ਰਸੂਲਪੁਰ, ਸੋਨੂ ਰਸੂਲਪੁਰ ਆਦਿ ਆਗੂ ਹਾਜ਼ਰ ਸਨ।



