
ਗੁਰੂਹਰਸਹਾਏ, 4 ਅਪਰੈਲ-ਅੰਨਾ ਹਜ਼ਾਰੇ ਵੱਲੋਂ ਦਿੱਲੀ ਵਿੱਚ ਕੀਤੇ ਗਏ ਸੰਘਰਸ਼ ਤੋਂ ਸ਼ੁਰੂ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੁਸ਼ੀਲ ਬੱਟੀ ਪਾਰਟੀ ਪ੍ਰਤੀ ਦਿਨ ਰਾਤ ਵਫਾਦਾਰੀ ਨਾਲ ਮਿਹਨਤ ਕਰਕੇ ਅੱਜ ਗੁਰੂਹਰ ਸਹਾਏ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਅਹੁਦੇ ਤੇ ਬਿਰਾਜਮਾਨ ਹੋਏ ਹਨ। ਚੇਅਰਮੈਨ ਸੁਸ਼ੀਲ ਬੱਟੀ ਨਾਲ ‘ਪੰਜਾਬੀ ਜਾਗਰਣ’ ਵੱਲੋਂ ਕੀਤੀ ਗਈ ਖਾਸ ਮੁਲਾਕਾਤ ਦੌਰਾਨ ਚੇਅਰਮੈਨ ਸੁਸ਼ੀਲ ਬੱਟੀ ਨੇ ਕਿਹਾ ਕਿ ਮੈਂ ਪਾਰਟੀ ਜੁਆਇਨ ਕਰਨ ਦੇ ਵੇਲੇ ਤੋਂ ਲੈ ਕੇ ਅੱਜ ਤੱਕ ਪਾਰਟੀ ਦੀ ਬੇਹਤਰੀ ਲਈ ਸੋ ਫੀਸਦੀ ਹੀ ਜ਼ਿੰਮੇਵਾਰੀ ਨਿਭਾਈ ਹੈ ਤਾਂ ਹੀ ਅੱਜ ਇਹ ਅਹੁਦਾ ਦੇ ਕੇ ਪਾਰਟੀ ਨੇ ਮੈਨੂੰ ਇੱਕ ਹੋਰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਮੈਂ ਮਾਰਕੀਟ ਕਮੇਟੀ ਦੇ ਅਧਿਕਾਰ ਖੇਤਰ ਅੰਦਰ ਆਉਂਦੀਆਂ ਨੌ ਮੰਡੀਆਂ ਅਤੇ ਸਬਜ਼ੀ ਮੰਡੀ ਵਿਖੇ ਖੁਦ ਜਾ ਕੇ ਚੈਕਿੰਗ ਕਰਾਂਗੀ ਅਤੇ ਫੀਸ ਵਿੱਚ ਹੋਣ ਵਾਲੀ ਚੋਰੀ ਨੂੰ ਰੋਕ ਕੇ ਸੌ ਫੀਸਦੀ ਹੀ ਆਪਣੀ ਜਿੰਮੇਵਾਰੀ ਨੂੰ ਨਿਭਾਵਾਂਗੀ ਅਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਕੱਠੀ ਹੋਣ ਵਾਲੀ ਮਾਰਕੀਟ ਫੀਸ ਵਿੱਚ ਅਥਾਹ ਵਾਧਾ ਹੋਵੇਗਾ। ਚੇਅਰਮੈਨ ਬੱਟੀ ਨੇ ਕਿਹਾ ਕਿ ਜਿਹੜੇ ਠੇਕੇਦਾਰ ਮੰਡੀਆਂ ਦੀ ਸਾਫ਼-ਸਫ਼ਾਈ ਪਾਣੀ ਲਾਈਟ ਆਦਿ ਦੇ ਠੇਕੇ ਲੈ ਕੇ ਆਪਣੀ ਜਿੰਮੇਵਾਰੀ ਨੂੰ ਨਹੀਂ ਨਿਭਾਉਂਦੇ ਉਨ੍ਹਾਂ ਠੇਕੇਦਾਰਾ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ ਅਤੇ ਇੱਕ ਵਾਰਨਿੰਗ ਦੇਣ ਤੋਂ ਬਾਅਦ ਉਹਨਾਂ ਦੇ ਠੇਕੇ ਵੀ ਕੈਂਸਲ ਕੀਤੇ ਜਾ ਸਕਦੇ ਹਨ ਤੇ ਪ੍ਰਬੰਧਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਸ਼ੁਰੂ ਹੋਏ ਸੀਜ਼ਨ ਦੌਰਾਨ ਆੜਤੀਆਂ ਕਿਸਾਨਾਂ ਮਜ਼ਦੂਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਮੰਡੀਆਂ ਵਿੱਚ ਸਾਫ ਸਫਾਈ ਪੂਰਨ ਤੌਰ ਤੇ ਰੱਖੀ ਜਾਵੇਗੀ ਅਤੇ ਪਾਣੀ ਦਾ ਪ੍ਰਬੰਧ ਹਰ ਕੋਨੇ ਵਿੱਚ ਹੋਵੇਗਾ ਅਤੇ ਲਾਈਟ ਵੀ ਸੁਚਾਰੂ ਰੂਪ ਵਿੱਚ ਨਿਰਵਿਘਨ ਰਹੇਗੀ।



