Punjab

ਕਿਸਾਨਾਂ ਦਾ ਵੱਡਾ ਐਲਾਨ, 10 ਜਨਵਰੀ ਨੂੰ ਕਰਨਗੇ ਇਹ ਕੰਮ

ਰਾਜਪੁਰਾ, 6 ਜਨਵਰੀ (ਜਸਵਿੰਦਰ ਸਿੰਘ ਸੰਧੂ)- ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ ( ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ 326 ਦਿਨਾਂ ਤੋਂ ਲਗਾਤਾਰ ਕਿਸਾਨੀ ਮਸਲਿਆਂ ਦੇ ਨਿਪਟਾਰੇ ਲਈ ਚੱਲ ਰਹੇ ਕਿਸਾਨ ਅੰਦੋਲਨ 2 (ਦਿੱਲੀ ਅੰਦੋਲਨ 2) ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਸੋਮਵਾਰ ਨੂੰ ਸ਼ੰਭੂ ਮੋਰਚੇ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਜਿੱਸ ਵਿੱਚ ਮੋਰਚੇ ’ਤੇ ਮੌਜੂਦ ਕਿਸਾਨਾਂ ਤੋਂ ਇਲਾਵਾ ਇਲਾਕੇ ਦੇ ਪਿੰਡਾਂ ਵਿੱਚੋਂ ਸੰਗਤ ਨੇ ਸ਼ਿਰਕਤ ਕੀਤੀ। ਜਿੱਥੇ ਮੰਚ ਤੋਂ ਪੂਰੇ ਦੇਸ਼ ਵਾਸੀਆਂ ਨੂੰ ਫੋਰਮ ਦੇ ਲੀਡਰਾਂ ਨੇ ਵਧਾਈਆਂ ਦਿੱਤੀਆਂ ਉੱਥੇ ਹੀ ਗੁਰੂ ਸਾਹਿਬ ਵੱਲੋਂ ਦਿਖਾਏ ਹੋਏ ਰਸਤੇ ’ਤੇ ਚੱਲਣ ਦੀ ਵੀ ਪ੍ਰੇਰਨਾ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ, ਤੇਜਵੀਰ ਸਿੰਘ ਪੰਜੋਖਰਾ ਤੇ ਰਾਜੂ ਦਿੱਲੀ ਸਮੇਤ ਹੋਰਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨੀ ਸੰਘਰਸ਼ ਅਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਕੋਈ ਨਾ ਕੋਈ ਫੈਸਲਾ ਲਵੇ। ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀਬਾੜੀ ਮਾਰਕੀਟਿੰਗ ਡਰਾਫਟ ’ਤੇ ਬੋਲਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਨਵੀਂ ਡਰਾਫਟ ਪਾਲਿਸੀ ਕਿਸਾਨੀ ਹਿੱਤਾਂ ਦੇ ਖਿਲਾਫ ਹੈ, ਨਾਲ ਹੀ ਤਿੰਨੋਂ ਕਾਲੇ ਕਾਨੂੰਨ ਨੂੰ ਨਵੇਂ ਖਰੜੇ ਵਿੱਚ ਪਾ ਕੇ ਪੇਸ਼ ਕਰਨ ਦਾ ਇੱਕ ਯਤਨ ਕੀਤਾ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੀ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਕੇਂਦਰ ਵੱਲੋਂ ਜਾਰੀ ਖੇਤੀ ਮਾਰਕੀਟਿੰਗ ਡਰਾਫਟ ਦੇ ਖਰੜੇ ਨੂੰ ਪੂਰੇ ਦੇਸ਼ ਭਰ ’ਚ ਸਾੜਿਾ ਜਾਵੇ। ਇਸ ਦੇ ਨਾਲ ਨਾਲ ਮੋਰਚੇ ਵੱਲੋਂ 10 ਜਨਵਰੀ ਨੂੰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਪ੍ਰਤੀ ਅਪਣਾਏ ਗਏ ਰੁੱਖ ਦੇ ਵਿਰੋਧ ਦੇ ਵਿੱਚ ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਬਲਕਾਰ ਸਿੰਘ ਬੈਂਸ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਤੇ ਮੈਂਬਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button