
ਪੱਟੀ, (ਤਰਨਤਾਰਨ), 12 ਫਰਵਰੀ- ਬੀਤੇ ਦਿਨ ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਦਰਿਆ ’ਤੇ ਪੰਜਾਬ ਸਰਕਾਰ ਵਲੋਂ ਲਾਈ ਜਾ ਰਹੀ ਰੇਤਾ ਦੀ ਖੱਡ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਕਿਸਾਨਾਂ ਉੱਪਰ ਲਾਠੀ ਚਾਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਦੇ ਚਲਦਿਆਂ ਇਸੇ ਰੋਸ ਵਿਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਸੋਹਨ ਸਿੰਘ ਸਭਰਾ,ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਵਿੱਤ ਸਕੱਤਰ ਸਾਹਿਬ ਸਿੰਘ ਅਤੇ ਹੜ ਪੀੜਤ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਜਵਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨ ਯੂਨੀਅਨ ਦੇ ਆਗੂਆਂ ਦੀ ਇਕੱਤਰਤਾ ਕਰਕੇ ਇਹ ਫੈਸਲਾ ਲਿਆ ਗਿਆ ਹੈ ਕਿ ਸਰਕਾਰ ਵਲੋਂ ਲੱਗ ਰਹੀ ਇਹ ਰੇਤਾ ਦੀ ਖੱਡ ਉਹ ਨਹੀਂ ਚੱਲਣ ਦੇਣਗੇ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਸਭਰਾ ਦੇ ਇਸੇ ਦਰਿਆ ’ਤੇ ਹੀ ਕੁਝ ਸਾਲ ਪਹਿਲਾਂ ਦਰਿਆ ਦਾ ਬੰਨ੍ਹ ਟੁੱਟਣ ਕਾਰਨ ਵੱਡੀ ਤਬਾਹੀ ਹੋਈ ਸੀ ਅਤੇ ਇਹ ਬੰਨ੍ਹ ਟੁੱਟਣ ਦਾ ਕਾਰਨ ਇਹ ਹੀ ਸੀ ਕਿ ਇਸ ਥਾਂ ਉੱਪਰ ਨਜਾਇਜ਼ ਮਾਈਨਿੰਗ ਹੁੰਦੀ ਸੀ ਅਤੇ ਹੁਣ ਵੀ ਪੰਜਾਬ ਸਰਕਾਰ ਉਸੇ ਹੀ ਜਗਾ ’ਤੇ ਇਹ ਰੇਤਾ ਦੀ ਖੱਡ ਲਾ ਰਹੀ ਹੈ। ਜਿਸ ਕਾਰਨ ਪਿੰਡ ਸਭਰਾ ਅਤੇ ਨਾਲ ਲੱਗਦੇ ਪਿੰਡਾਂ ਵਿਚ ਇਹ ਦਰਿਆ ਵੱਡੇ ਪੱਧਰ ’ਤੇ ਤਬਾਹੀ ਮਚਾ ਸਕਦਾ ਹੈ, ਜਿਸ ਕਰਕੇ ਉਹ ਇਸ ਦਾ ਵਿਰੋਧ ਕਰ ਰਹੇ ਹਨ।



