ਕਿਲ੍ਹਾ ਲਾਲ ਸਿੰਘ ਥਾਣਾ ਧਮਾਕਾ ਕਾਂਡ ’ਚ ਰਹੱਸ ਬਰਕਰਾਰ, ਨਾਬਾਲਿਗ ਮੁਲਜ਼ਮ ਜੇਲ੍ਹ ਭੇਜਿਆ; 24 ਤੱਕ ਪੁਲਿਸ ਰਿਮਾਂਡ ’ਤੇ ਹਨ ਬਾਕੀ

ਬਟਾਲਾ, 21 ਅਪ੍ਰੈਲ-ਲੰਘੀ 6 ਅਪ੍ਰੈਲ ਨੂੰ ਪੁਲਿਸ ਥਾਣਾ ਕਿਲ੍ਹਾ ਲਾਲ ਸਿੰਘ ਨੇੜੇ ਹੋਏ ਤਿੰਨ ਧਮਾਕਿਆਂ ਦੇ ਮਾਮਲੇ ਵਿਚ ਬਟਾਲਾ ਪੁਲਿਸ ਨੇ ਵਿਦੇਸ਼ ਵਿਚ ਬੈਠੇ ਅੱਤਵਾਦੀ ਜਸਵਿੰਦਰ ਮਨੂੰ ਅਗਵਾਨ ਨੂੰ ਨਾਮਜਦ ਕਰਦਿਆਂ ਬੀਤੇ ਦਿਨੀਂ ਅੱਠ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਦੱਸਣਯੋਗ ਹੈ ਕਿ ਵਿਦੇਸ਼ ਵਿਚ ਬੈਠੇ ਅੱਤਵਾਦੀ ਹੈਪੀ ਪਸ਼ੀਆ ਤੇ ਜਸਵਿੰਦਰ ਸਿੰਘ ਮੰਨੂ ਅਗਵਾਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਸੀ ਕਿ ਉਨ੍ਹਾਂ ਨੇ ਰਾਕੇਟ ਲਾਂਚਰ ਨਾਲ ਇਹ ਹਮਲਾ ਕੀਤਾ ਹੈ। ਉਸ ਵੇਲੇ ਐੱਸਐੱਸਪੀ ਬਟਾਲਾ ਸੋਹੇਲ ਕਾਸਿਮ ਮੀਰ ਨੇ ਵੀਡੀਓ ਜਾਰੀ ਕੀਤੀ ਸੀ ਕਿ ਥਾਣੇ ’ਤੇ ਹਮਲੇ ਵਰਗੀ ਕੋਈ ਘਟਨਾ ਨਹੀਂ ਹੋਈ। ਹਾਲਾਂਕਿ, ਉਨ੍ਹਾਂ ਇਹ ਵੀ ਮੰਨਿਆ ਕਿ ਇਸ ਸੋਸ਼ਲ ਮੀਡੀਆ ਪੋਸਟ ਦੇ ਅਧਾਰ ‘ਤੇ ਮਾਮਲਾ ਦਰਜ ਕੀਤਾ ਹੈ ਪਰ ਐੱਫਆਈਆਰ ਜਨਤਕ ਨਹੀਂ ਕੀਤੀ ਸੀ। ਫਿਰ, ਸ਼ਨੀਵਾਰ ਨੂੰ ਦੇਰ ਸ਼ਾਮ ਜਾਰੀ ਪ੍ਰੈੱਸ ਬਿਆਨ ਵਿਚ ਡੀਜੀਪੀ ਪੰਜਾਬ ਨੇ ਬਟਾਲਾ ਤੋਂ ਅੱਠ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ। ਹਾਲਾਂਕਿ ਬਟਾਲਾ ਪੁਲਿਸ ਇਸ ਮਾਮਲੇ ਵਿਚ ਅਜੇ ਚੁੱਪੀ ਧਾਰ ਕੇ ਬੈਠੀ ਹੈ। ਪੁਲਿਸ ਨੇ ਥਾਣਾ ਕਿਲ੍ਹਾ ਲਾਲ ਸਿੰਘ ’ਤੇ ਹਮਲੇ ਦੇ ਮਾਮਲੇ ਵਿਚ ਅੱਠ ਜਣੇ ਫੜੇ ਸਨ, ਉਨ੍ਹਾਂ ਵਿਚ ਕਪੂਰਥਲਾ ਦੇ ਪਿੰਡ ਲਖਨਕਲਾਂ ਦਾ ਵਸਨੀਕ ਜਤਿੰਦਰ ਸਿੰਘ ਹੈ, ਜਿਸ ਨੇ ਰਾਕੇਟ ਲਾਂਚਰ ਨਾਲ ਧਮਾਕੇ ਕੀਤੇ ਦੱਸੇ ਜਾਂਦੇ ਹਨ। ਇਵੇਂ ਹੀ ਬਟਾਲਾ ਦੇ ਨੇੜਲੇ ਪਿੰਡ ਦਾ ਨਾਬਾਲਿਗ ਸ਼ਾਮਲ ਹੈ, ਜਿਸ ਨੂੰ ਜੁਵੇਨਾਈਲ ਜੇਲ੍ਹ ਹੁਸ਼ਿਆਰਪੁਰ ਵਿਚ ਭੇਜਿਆ ਗਿਆ ਹੈ। ਉਨ੍ਹਾਂ ਕੋਲੋਂ ਗ੍ਰਨੇਡ ਲਾਂਚਰ ਅਤੇ ਤਿੰਨ ਪਿਸਤੌਲ ਬਰਾਮਦ ਕਰਨ ਤੋਂ ਬਾਅਦ ਡੀਜੀਪੀ ਨੇ ਜਾਣਕਾਰੀ ਸਾਂਝੀ ਕੀਤੀ ਸੀ। ਫੜੇ ਗਏ ਮੁਲਜ਼ਮਾਂ ਵਿਚ 17 ਸਾਲਾ ਨਾਬਾਲਿਗ ਅੰਮ੍ਰਿਤਪਾਲ ਸਿੰਘ, ਬਲਬੀਰ ਕੁਮਾਰ ਵਰੁਣ ਅਤੇ ਪਵਨਪ੍ਰੀਤ ਸਿੰਘ, ਬਟਾਲਾ ਦੇ ਅਹਿਮਦਾਬਾਦ ਪਿੰਡ ਦੇ ਵਸਨੀਕ ਤੋਂ ਇਲਾਵਾ ਮੋਮਜੀ ਉਰਫ਼ ਗੋਟਾ, ਗੁਰਪ੍ਰੀਤ ਸਿੰਘ ਗੋਪੀ, ਅਜੈਪਾਲ ਸਿੰਘ, ਰਾਹੁਲ ਉਰਫ਼ ਭਈਆ ਤੇ ਜੋਹਾਨਸਨ ਸ਼ਾਮਲ ਸਨ। ਤਿੰਨ ਮੁਲਜ਼ਮ ਪਿੰਡ ਅਹਿਮਦਾਬਾਦ ਦੇ ਹਨ ਤੇ ਬਾਕੀ ਪੰਜ ਪੁਲਿਸ ਜ਼ਿਲ੍ਹਾ ਬਟਾਲਾ ਦੇ ਵਸਨੀਕ ਹਨ, ਇਸ ਤੋਂ ਇਲਾਵਾ ਪੁਲਿਸ ਨੇ ਕੁਝ ਨਹੀਂ ਦੱਸਿਆ।
ਹਮਲੇ ਲਈ ਚੁਣਿਆ ਸੀ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ
ਕਪੂਰਥਲਾ ਦੇ ਪਿੰਡ ਲਖਨਕਲਾਂ ਦੇ ਰਹਿਣ ਵਾਲੇ 12ਵੀਂ ਜਮਾਤ ਦੇ ਵਿਦਿਆਰਥੀ ਜਤਿੰਦਰ ਸਿੰਘ ਨੂੰ ਵੀ ਕਿਲ੍ਹਾ ਲਾਲ ਸਿੰਘ ਪੁਲਿਸ ਸਟੇਸ਼ਨ ‘ਤੇ ਹਮਲਾ ਕਰਨ ਲਈ ਚੁਣਿਆ ਗਿਆ ਸੀ। ਉਸ ਨੂੰ ਵਿਦੇਸ਼ ਵਿਚ ਵਸਣ ਦੀ ਪੇਸ਼ਕਸ਼ ਦਾ ਲਾਲਚ ਦਿੱਤਾ ਗਿਆ ਤੇ ਪੁਲਿਸ ਸਟੇਸ਼ਨ ‘ਤੇ ਹਮਲਾ ਕਰਨ ਲਈ ਕਿਹਾ ਗਿਆ ਸੀ ਪਰ ਡਰ ਕਾਰਨ ਉਸ ਨੇ ਪੁਲਿਸ ਸਟੇਸ਼ਨ ਦੇ ਬਾਹਰ ਆਰਪੀਜੀ ਫਾਇਰ ਕਰ ਦਿੱਤਾ ਸੀ।
ਮੁੱਖ ਹੈਂਡਲਰ ਹੈ ਅਗਵਾਨ ਦਾ ਵਸਨੀਕ
ਅੱਤਵਾਦੀਆਂ ਦਾ ਮੁੱਖ ਹੈਂਡਲਰ, ਜਸਵਿੰਦਰ ਸਿੰਘ ਉਰਫ਼ ਮਨੂ, ਗ੍ਰੀਸ (ਯੂਰਪ) ਵਿਚ ਬੈਠਾ ਹੈ ਤੇ ਡੇਰਾ ਬਾਬਾ ਨਾਨਕ ਦੇ ਪਿੰਡ ਅਗਵਾਨ ਦਾ ਵਸਨੀਕ ਹੈ। ਹੈਪੀ ਪਸ਼ੀਆ ਨੇ ਪਿੰਡ ਅਗਵਾਨ ਦੇ ਜਸਵਿੰਦਰ ਮਨੂ ਨਾਲ ਮਿਲ ਕੇ ਗੁਰਦਾਸਪੁਰ ਜ਼ਿਲ੍ਹੇ ਵਿਚ ਹੁਣ ਤੱਕ ਹੋਏ ਪੰਜ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਮਨੂੰ ਦਾ ਭਰਾ ਲਗਭਗ 6 ਮਹੀਨੇ ਪਹਿਲਾਂ ਡਰੱਗਜ਼ ਦੇ ਮਾਮਲੇ ਵਿਚ ਜੇਲ੍ਹ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮਨੂ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਸੰਪਰਕ ਵਿਚ ਹੈ।



