ਕਾਲੇ ਜਾਦੂ ਦਾ ਸਾਇਆ ਦੱਸ ਕੇ ਔਰਤ ਨੂੰ ਕੀਤਾ ਬੇਸੁਧ
ਘਰ 'ਚੋਂ ਗਹਿਣੇ ਤੇ ਨਕਦੀ ਲੁੱਟ ਕੇ ਮੁਲਜ਼ਮ ਹੋਏ ਫਰਾਰ; ਪੁਲਿਸ ਨੇ ਤਿੰਨੋਂ ਮੁਲਜ਼ਮ ਕੀਤੇ ਕਾਬੂ

ਲੁਧਿਆਣਾ, 30 ਮਈ- ਖੁਦ ਨੂੰ ਤਾਂਤਰਿਕ ਦੱਸਣ ਵਾਲੇ ਤਿੰਨ ਵਿਅਕਤੀਆਂ ਨੇ ਔਰਤ ਉੱਪਰ ਕਾਲੇ ਜਾਦੂ ਦਾ ਸਾਇਆ ਹੋਣ ਦੀ ਗੱਲ ਆਖ ਕੇ ਉਸਨੂੰ ਨਸ਼ੀਲੀ ਵਸਤੂ ਸੁੰਘਾ ਕੇ ਅੱਧਬੇਹੋਸ਼ ਕਰ ਦਿੱਤਾ। ਘਰ ‘ਚੋਂ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਲੁੱਟਣ ਤੋਂ ਬਾਅਦ ਮੁਲਜ਼ਮ ਰਫੂ ਚੱਕਰ ਹੋ ਗਏ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਸੈਕਟਰ 32ਏ ਦੀ ਰਹਿਣ ਵਾਲੀ ਨੀਤੂ ਕੁਮਾਰੀ ਦੀ ਸ਼ਿਕਾਇਤ ‘ਤੇ ਡਾਬਾ ਰੋਡ ਦੇ ਰਹਿਣ ਵਾਲੇ ਅਬਦੁਲ ਹਸਨ , ਜਮਾਲੁਦੀਨ ਅਤੇ ਸ਼ਿਵਾਜੀ ਨਗਰ ਦੇ ਵਾਸੀ ਪਰਮਿੰਦਰ ਬੱਗਾ ਖਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਔਰਤ ਨੀਤੂ ਕੁਮਾਰੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਹ ਕੁਝ ਦਿਨ ਪਹਿਲੋਂ ਸਵੇਰੇ 10 ਕਰੀਬ ਘਰੇਲੂ ਸਮਾਨ ਖਰੀਦਣ ਤੋਂ ਬਾਅਦ ਸੰਜੇ ਗਾਂਧੀ ਕਾਲੋਨੀ ਦੇ ਟੀ ਪੁਆਇੰਟ ਪਹੁੰਚੀ। ਇਸੇ ਦੌਰਾਨ ਤਿੰਨ ਨੌਜਵਾਨ ਉਸ ਨੂੰ ਮਿਲੇ ਜਿਨ੍ਹਾਂ ਨੇ ਆਪਣੇ ਆਪ ਨੂੰ ਤਾਂਤਰਿਕ ਦੱਸ ਕੇ ਔਰਤ ਨੂੰ ਇਹ ਆਖਿਆ ਕਿ ਉਸ ਉੱਪਰ ਕਾਲੇ ਜਾਦੂ ਦਾ ਸਾਇਆ ਹੈ। ਗੱਲਾਂ ਵਿੱਚ ਲਗਾ ਕੇ ਮੁਲਜ਼ਮਾਂ ਨੇ ਉਸਨੂੰ ਨਸ਼ੀਲੀ ਵਸਤੂ ਸੁਘਾਈ ਅਤੇ ਅਰਧ ਬੇਹੋਸ਼ ਕਰ ਦਿੱਤਾ। ਅਰਧ ਬੇਹੋਸ਼ੀ ਦੀ ਹਾਲਤ ਵਿੱਚ ਨੌਜਵਾਨਾਂ ਨੇ ਔਰਤ ਨੂੰ ਆਟੋ ਵਿੱਚ ਬਿਠਾਇਆ ਅਤੇ ਉਸਦੇ ਘਰ ਪਹੁੰਚ ਗਏ। ਮੁਲਜ਼ਮਾਂ ਨੇ ਘਰ ਦੀ ਪੇਟੀ ਵਿੱਚੋਂ ਸੋਨੇ ਦੇ ਗਹਿਣੇ ਜਿਨ੍ਹਾਂ ਵਿੱਚ ਕੰਨ ਦੀਆਂ ਵਾਲੀਆਂ, ਸੋਨੇ ਦਾ ਲੌਕਟ, ਨੱਕ ਦਾ ਕੋਕਾ, ਚਾਂਦੀ ਦੀ ਮੁੰਦਰੀ ਅਤੇ 11000 ਰੁਪਏ ਦੀ ਨਕਦੀ ਕੱਢ ਲਈ । ਆਵਾਜ਼ ਸੁਣ ਕੇ ਨੀਤੂ ਦਾ ਪਤੀ ਹੀਰਾ ਕੁਮਾਰ ਜਿਵੇਂ ਪਿਛਲੇ ਕਮਰੇ ਤੋਂ ਬਾਹਰ ਆਇਆ ਤਾਂ ਤਿੰਨੋ ਮੁਲਜ਼ਮ ਬਿਨਾਂ ਨੰਬਰੀ ਆਟੋ ‘ਤੇ ਸਵਾਰ ਹੋ ਕੇ ਫਰਾਰ ਹੋ ਗਏ। ਪਤਨੀ ਨੂੰ ਅਰਧ ਬੇਹੋਸ਼ੀ ਦੀ ਹਾਲਤ ਵਿੱਚ ਦੇਖ ਕੇ ਉਹ ਉਸਨੂੰ ਤੁਰੰਤ ਹਸਪਤਾਲ ਲੈ ਗਿਆ।
ਨਾਕਾਬੰਦੀ ਦੇ ਦੌਰਾਨ ਮੁਲਜ਼ਮ ਕੀਤੇ ਗ੍ਰਿਫਤਾਰ
ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏਐਸਆਈ ਮਲਕੀਤ ਸਿੰਘ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ਤੋਂ ਪੁਲਿਸ ਨੇ ਨਾਕਾਬੰਦੀ ਕਰਕੇ ਵਰਧਮਾਨ ਮਿਲ ਦੇ ਲਾਗਿਓ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਦੁਪਹਿਰ ਤੋਂ ਬਾਅਦ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ।
14 ਵਾਰਦਾਤਾਂ ਨੂੰ ਦੇ ਚੁੱਕੇ ਹਨ ਅੰਜਾਮ
ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਪਿਛਲੇ ਕੁਝ ਸਮੇਂ ਵਿੱਚ ਅਜਿਹੀਆਂ 14 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੇ ਦੌਰਾਨ ਉਨ੍ਹਾਂ ਕੋਲੋਂ ਹੋਰ ਕਈ ਖੁਲਾਸੇ ਹੋਣ ਦੀ ਉਮੀਦ ਹੈ।



