
ਕਾਲਕਾ, 30 ਜੂਨ : ਇੱਕ ਲੰਬੇ ਅੰਤਰਾਲ ਮਗਰੋਂ ਬਰਸਾਤ ਦਾ ਮੌਸਮ ਮੁੜ ਤੋਂ ਕਾਲਕਾ-ਸ਼ਿਮਲਾ ਰੇਲ ਮਾਰਗ ਤੇ ਭਾਰੀ ਪੈਣ ਲੱਗਾ ਹੈ। ਮਾਨਸੂਨ ਦੀ ਸ਼ੁਰੂਆਤ ਚ ਹੀ ਰੇਲ ਰਸਤੇ ਨੂੰ ਬਾਰਿਸ਼ ਨੇ ਅਜਿਹਾ ਝਟਕਾ ਦਿੱਤਾ ਕਿ ਰੇਲਵੇ ਵਿਭਾਗ ਨੂੰ ਕਾਲਕਾ ਤੋਂ ਸ਼ਿਮਲਾ ਲਈ ਚੱਲਣ ਵਾਲੀ ਟੁਆਰ ਟ੍ਰੇਨ ’ਚੋਂ ਦੋ ਨੂੰ ਰੱਦ ਕੀਤਾ ਗਿਆ, ਜਦਕਿ ਸ਼ਿਵਾਲਿਕ ਡੀਲਕਸ ਸਮੇਤ ਚਾਰ ਟੁਆਏ ਟ੍ਰੇਨ ਨੂੰ ਤਿੰਨ ਤੋਂ ਚਾਰ ਘੰਟਿਆਂ ਦੀ ਦੇਰੀ ਨਾਲ ਸ਼ਿਮਲਾ ਲਈ ਰਵਾਨਾ ਕੀਤਾ ਗਿਆ। ਜਦਕਿ ਤੜਕੇ ਲਗਪ ਸਾਡੇ ਤਿੰਨ ਵਜੇ ਰਵਾਨਾ ਕੀਤੀ ਗਈ ਪੈਸੰਜਰ ਟੁਆਏ ਟ੍ਰੇਨ ਨੂੰ ਗੁੰਬਨ ਸਟੇਸ਼ਨ ’ਤੇ ਪਹੁੰਚਣ ਤੋਂ ਬਾਅਦ ਰਸਤੇ ’ਚ ਹੀ ਰੱਦ ਕਰ ਦਿੱਤਾ ਗਿਆ। ਇਸ ਹਾਲਤ ’ਚ ਯਾਤਰੀਆਂ ਨੂੰ ਖਾਸ ਕਰ ਕੇ ਕਾਲਕਾ ਤੋਂ ਰਵਾਨਾ ਹੋ ਚੁੱਕੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਟੁਆਏ ਟ੍ਰੇਨ ਦਾ ਸੁਹਾਣਾ ਸਫਰ ਮੁਸੀਬਤਾਂ ’ਚ ਬਦਲ ਗਿਆ। ਜਾਣਕਾਰੀ ਮੁਤਾਬਕ ਮਾਨਸੂਨ ਸੀਜ਼ਨ ਰੇਲਵੇ ਵਿਭਾਗ ਦੇ ਨਾਲ-ਨਾਲ ਸੈਲਾਨੀਆਂ ਲਈ ਵੀ ਅਕਸਰ ਸਮੱਸਿਆ ਨਾਲ ਭਰਿਆ ਮੰਨਿਆ ਜਾਂਦਾ ਹੈ। ਕਿਉਂਕਿ ਬਰਸਾਤ ਦੌਰਾਨ ਹਿਮਾਚਲ ’ਚ ਪਹਾੜ ਕਦੋਂ ਖ਼ਿਸਕ ਜਾਵੇ ਅਤੇ ਪਹਾੜ ਦਾ ਮਲਬਾ ਕਿੰਨੀ ਵੱਡੀ ਮਾਤਰਾ ’ਚ ਰੇਲ ਟ੍ਰੈਕ ਤੇ ਡਿੱਗ ਜਾਵੇ, ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਪਹਾੜਾਂ ਚ ਬੀਤੀ ਰਾਤ ਵੀ ਜ਼ੋਰਦਾਰ ਬਰਸਾਤ ਹੋਈ, ਜਿਸ ਕਾਰਨ ਅੱਜ ਸਵੇਰੇ ਕਰੀਬ ਪੰਜ ਵਜੇ ਕੋਟੀ ਤੇ ਸਨਵਾਰਾ ਸਟੇਸ਼ਨ ਵਿਚਕਾਰ ਵੱਡੀ ਮਾਤਰਾ ’ਚ ਪਹਾੜ ਦਾ ਮਲਬਾ ਟ੍ਰੈਕ ਤੇ ਡਿੱਗ ਗਿਆ। ਇਸ ਦੇ ਨਾਲ-ਨਾਲ ਕੁਝ ਹੋਰ ਜਗ੍ਹਾਂ ਤੇ ਵੀ ਪਹਾੜ ਦੇ ਮਲਬੇ ਦੇ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਸੂਚਨਾ ਮਿਲਦੇ ਹੀ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਟ੍ਰੈਕ ਨੂੰ ਸਾਫ ਕਰਨ ਦਾ ਕੰਮ ਸ਼ੁਰੂ ਕਰਵਾਇਆ। ਰੇਲਵੇ ਵਿਭਾਗ ਦੇ ਕਰਮਚਾਰੀਆਂ ਨੇ ਕਰੀਬ ਚਾਰ ਘੰਟਿਆਂ ਦੀ ਮਿਹਨਤ ਤੋਂ ਬਾਅਦ ਸਵੇਰੇ ਕਰੀਬ 9 ਵਜੇ ਰੇਲ ਟਰੈਕ ਤੋਂ ਮਲਬਾ ਹਟਾ ਦਿੱਤਾ ਸੀ। ਪਰ ਕਰੀਬ ਚਾਰ ਘੰਟਿਆਂ ਤੱਕ ਕਾਲਕਾ-ਸ਼ਿਮਲਾ ਰੇਲ ਮਾਰਗ ਕੰਮ ਬੰਦ ਹੋਣ ਕਾਰਨ ਟੁਆਏ ਟ੍ਰੇਨ ਸੇਵਾ ਵੀ ਰੁਕ ਗਈ। ਇਸ ਲਈ ਵਿਭਾਗ ਨੂੰ ਤੜਕੇ ਸਾਢੇ ਤਿੰਨ ਵਜੇ ਰਵਾਣਾ ਕੀਤੀ ਗਈ ਪੈਸੰਜਰ ਟੁਆਏ ਟ੍ਰੇਨ ਨੂੰ ਗੁੰਬਨ ਸਟੇਸ਼ਨ ਤੇ ਰੱਦ ਕਰਨਾ ਪਿਆ, ਜਿਸ ਕਾਰਨ ਇਸ ਟ੍ਰੇਨ ’ਚ ਸਵਾਰ ਸੈਲਾਨੀਆਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਸਵੇਰੇ 6:30 ਵਜੇ ਸ਼ਿਮਲਾ ਲਈ ਚਲਾਈ ਜਾ ਰਹੀ ਟੁਆਏ ਟ੍ਰੇਨ ਨੂੰ ਕਾਲਕਾ ਸਟੇਸ਼ਨ ਤੇ ਹੀ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਸਵੇਰੇ 5:45 ਵਜੇ ਸ਼ਿਵਾਲਿਕ ਡੀਲਕਸ, ਸਵੇਰੇ 7 ਵਜੇ ਹਿਮ ਦਰਸ਼ਨ, ਸਵੇਰੇ 8 ਵਜੇ ਪੈਸੰਜਰ ਤੇ ਸਵੇਰੇ 11:55 ਵਜੇ ਹਿਮਾਲਿਆਨ ਕਵੀਨ ਟੁਆਏ ਟ੍ਰੇਨ ਨੂੰ ਤਿੰਨ ਤੋਂ ਚਾਰ ਘੰਟੇ ਦੀ ਦੇਰੀ ਨਾਲ ਰਵਾਨਾ ਕੀਤਾ ਗਿਆ। ਯਾਤਰੀਆਂ ਦਾ ਸ਼ੈਡਿਊਲ ਗੜਬੜਾਇਆ ਦੋ ਟੁਆਏ ਟ੍ਰੇਨ ਰੱਦ ਹੋਣ ਕਾਰਨ ਜਿਥੇ ਸੈਲਾਨੀਆਂ ਦੀ ਟੁਆਏ ਟ੍ਰੇਨ ਦੇ ਸੁਹਾਣੇ ਸਫਰ ਦੀ ਖ਼ਾਹਿਸ਼ ਉਨ੍ਹਾਂ ਦੇ ਦਿਲਾਂ ’ਚ ਰਹਿ ਗਈ। ਉਥੇ ਹੀ ਘੰਟਿਆਂ ਦੀ ਦੇਰੀ ਨਾਲ ਰਵਾਨਾ ਕੀਤੀਆਂ ਗਈਆਂ ਚਾਰ ਟੁਆਏ ਟ੍ਰੇਨ ਦੇ ਸੈਂਕੜੇ ਯਾਤਰੀਆਂ ਨੂੰ ਸਟੇਸ਼ਨ ਤੇ ਟ੍ਰੇਨ ਚੱਲਣ ਦੀ ਕਈ ਘੰਟੇ ਉਡੀਕ ਕਰਨੀ ਪਈ। ਅਜਿਹੇ ’ਚ ਸੈਲਾਨੀਆਂ ਦਾ ਨਾ ਸਿਰਫ ਮੂਡ ਖ਼ਰਾਬ ਹੋ ਗਿਆ, ਬਲਕਿ ਉਨ੍ਹਾਂ ਦਾ ਅੱਗੇ ਦਾ ਸ਼ੈਡਿਊਲ ਵੀ ਗੜਬੜਾ ਗਿਆ।



