Punjab

ਕਾਰ ਨਹਿਰ ’ਚ ਡਿੱਗ ਕੇ ਹੋਈਆਂ ਮੌਤਾਂ ਦੇ ਮਾਮਲੇ ’ਚ ਆਇਆ ਨਵਾਂ ਮੋੜ

ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ 'ਚ ਚਾਰ ਨਾਮਜ਼ਦ

ਖੰਨਾ, 10 ਅਗਸਤ : ਦੋਰਾਹਾ ਦੇ ਪਿੰਡ ਦੋਬੁਰਜੀ ਨੇੜੇ ਇਕ ਕਾਰ ਨਹਿਰ ’ਚ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਦੇ ਮਾਮਲੇ ’ਚ ਇਕ ਨਵਾਂ ਮੋੜ ਆਇਆ ਹੈ। ਪਹਿਲਾਂ ਇਸ ਨੂੰ ਹਾਦਸਾ ਮੰਨਿਆ ਜਾ ਰਿਹਾ ਸੀ ਪਰ ਹੁਣ ਪੁਲਿਸ ਨੇ ਇਸ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਮੰਨਿਆ ਹੈ ਤੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਹ ਮਾਮਲਾ ਮ੍ਰਿਤਕ ਔਰਤ ਦੇ ਪਤੀ ਤੇ ਮ੍ਰਿਤਕ ਵਿਅਕਤੀ ਦੇ ਭਰਾ ਗੁਰਵਿੰਦਰ ਸਿੰਘ, ਵਾਸੀ ਜਨਤਾ ਨਗਰ, ਲੁਧਿਆਣਾ ਦੇ ਬਿਆਨਾਂ ’ਤੇ ਕੀਤਾ ਗਿਆ ਹੈ। ਗੁਰਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ’ਚ ਦੋਸ਼ ਲਗਾਇਆ ਹੈ ਕਿ ਉਸ ਦੀ ਪਤਨੀ ਪਲਵਿੰਦਰ ਕੌਰ ਤੇ ਭਰਾ ਰੁਪਿੰਦਰ ਸਿੰਘ ਨੂੰ ਚਾਰ ਵਿਅਕਤੀਆਂ ਵੱਲੋਂ ਮਾਨਸਿਕ ਤੌਰ ‘ਤੇ ਇੰਨਾ ਪਰੇਸ਼ਾਨ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਇਹ ਦਰਦਨਾਕ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। ਉਹ ਘਰੋਂ ਸਾਜ਼ਿਸ਼ ਤਹਿਤ ਹੀ ਪਾਰਟੀ ਤੇ ਮੱਥਾ ਟੇਕਣ ਲਈ ਗਏ ਸੀ। ਪੁਲਿਸ ਨੇ ਕੁਲਦੀਪ ਸਿੰਘ, ਰੁਪਿੰਦਰ ਕੌਰ (ਦੋਵੇਂ ਵਾਸੀ ਜਨਤਾ ਨਗਰ, ਲੁਧਿਆਣਾ) ਅਤੇ ਅੰਮ੍ਰਿਤ ਕੌਰ, ਪ੍ਰਵੀਨ ਕੁਮਾਰ ਜੰਜੂਆ (ਦੋਵੇਂ ਵਾਸੀ ਮੋਹਾਲੀ) ਵਿਰੁੱਧ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਹਾਦਸਾ 21 ਜੂਨ ਨੂੰ ਵਾਪਰਿਆ ਸੀ, ਜਦੋਂ ਪਰਿਵਾਰ ਇੱਕ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਤੋਂ ਬਾਅਦ ਲੁਧਿਆਣਾ ਵਾਪਸ ਆ ਰਿਹਾ ਸੀ। ਪਲਵਿੰਦਰ, ਰੁਪਿੰਦਰ ਤੇ ਦੋ ਕੁੜੀਆਂ ਕਾਰ ’ਚ ਸਵਾਰ ਸਨ। ਕਾਰ ਅਚਾਨਕ ਦੋਬੁਰਜੀ ਪਿੰਡ ਨੇੜੇ ਨਹਿਰ ’ਚ ਡਿੱਗ ਗਈ। ਹਾਦਸੇ ’ਚ ਰੁਪਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪਲਵਿੰਦਰ ਦੀ ਹਸਪਤਾਲ ਵਿੱਚ ਮੌਤ ਹੋ ਗਈ। ਕੁੜੀਆਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ।

Related Articles

Leave a Reply

Your email address will not be published. Required fields are marked *

Back to top button