Punjab

ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ’ਚ ਪਤੀ ਜ਼ਖਮੀ, ਪਤਨੀ ਦੀ ਮੌਤ

ਕਿਸ਼ਨਗੜ੍ਹ, 25 ਜੁਲਾਈ : ਅੱਡਾ ਕਾਲਾ ਬੱਕਰਾ ਨਜ਼ਦੀਕ ਸੱਧਾ ਚੱਕ ਕਰਾਸਿੰਗ ਵਿਖੇ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋਣ ਨਾਲ ਪਤਨੀ ਦੀ ਮੌਤ ਹੋ ਗਈ ਤੇ ਪਤੀ ਜ਼ਖ਼ਮੀ ਹੋ ਗਿਆ। ਮ੍ਰਿਤਕਾ ਦੀ ਪਛਾਣ ਮਨਜੀਤ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਸਿਕੰਦਰਪੁਰ ਥਾਣਾ ਭੋਗਪੁਰ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸਐੱਸਐੱਫ ਟੀਮ ਦੇ ਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਸਵੇਰੇ 9.30 ਵਜੇ ਦੇ ਕਰੀਬ ਕਿਸੇ ਰਾਹਗੀਰ ਨੇ ਉਨ੍ਹਾਂ ਨੂੰ ਫੋਨ ’ਤੇ ਹਾਦਸੇ ਬਾਰੇ ਜਾਣਕਾਰੀ ਦਿੱਤੀ। ਉਹ ਟੀਮ ਸਮੇਤ ਮੌਕੇ ’ਤੇ ਪਹੁੰਚੇ ਹਾਦਸੇ ਜ਼ਖ਼ਮੀ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਗੰਭੀਰ ਜ਼ਖਮੀ ਹਾਲਤ ’ਚ ਸਰਕਾਰੀ ਹਸਪਤਾਲ ਕਾਲਾ ਬੱਕਰਾ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮਨਜੀਤ ਕੌਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦਕਿ ਸੁਰਜੀਤ ਸਿੰਘ ਗੰਭੀਰ ਜ਼ਖ਼ਮੀ ਹਾਲਤ ’ਚ ਜ਼ੇਰੇ ਇਲਾਜ ਹੈ। ਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਚਿੱਟੇ ਰੰਗ ਦੀ ਵੈਗਨਾਰ ਕਾਰ ਜੋ ਕਿ ਜਲੰਧਰ ਨੂੰ ਜਾ ਰਹੀ ਸੀ। ਉਸ ਨੂੰ ਜਗੀਰ ਸਿੰਘ ਪੁੱਤਰ ਬੰਤਾ ਰਾਮ ਕੈਲਾਸ਼ ਨਗਰ ਫੱਤੂਵਾਲ ਰੋਡ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਚਲਾ ਰਿਹਾ ਸੀ। ਕਾਲਾ ਬੱਕਰਾ ਨਜ਼ਦੀਕ ਸੱਦਾ ਚੈੱਕ ਵਿਖੇ ਸੜਕ ਪਾਰ ਕਰਨ ਦੌਰਾਨ ਅਚਾਨਕ ਮੋਟਰਸਾਈਕਲ, ਜਿਸ ਨੂੰ ਸੁਰਜੀਤ ਸਿੰਘ ਚਲਾ ਰਿਹਾ ਸੀ, ਕਾਰ ਦੇ ਅੱਗੇ ਆਉਣ ਕਾਰਨ ਦੋਵੇਂ ਵਾਹਨਾਂ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਦੌਰਾਨ ਦੋਵੇਂ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਡਾਕਟਰਾਂ ਨੇ ਮਨਜੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਇਸ ਦੀ ਸੂਚਨਾ ਚੌਕੀ ਲਾਹਦੜਾ ਨੂੰ ਦਿੱਤੀ ਗਈ ਜਿੱਥੋਂ ਹੌਲਦਾਰ ਅਵਤਾਰ ਸਿੰਘ ਤੇ ਸੁਖਪਾਲ ਸਿੰਘ ਰਾਣਾ ਮੌਕੇ ’ਤੇ ਆਏ। ਪੁਲਿਸ ਨੇ ਹਾਦਸੇ ’ਚ ਨੁਕਸਾਨੇ ਵਾਹਨਾਂ ਨੂੰ ਸਾਈਡ ’ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Related Articles

Leave a Reply

Your email address will not be published. Required fields are marked *

Back to top button