Punjab

ਕਾਰ ਤੇ ਟਰੈਕਟਰ ਟਰਾਲੀ ਦੀ ਭਿਆਨਕ ਟੱਕਰ, ਡਰਾਈਵਰ ਦੀ ਦਰਦਨਾਕ ਮੌਤ

ਏਅਰਬੈਗ ਖੁੱਲ੍ਹਣ ਤੋਂ ਬਾਅਦ ਵੀ ਨਹੀਂ ਬਚੀ ਜਾਨ

ਸ੍ਰੀ ਮੁਕਤਸਰ ਸਾਹਿਬ, 19 ਅਗਸਤ : ਮੁਕਤਸਰ-ਮਲੋਟ ਰੋਡ ’ਤੇ ਇੱਕ ਕਾਰ ਤੇ ਓਵਰਲੋਡ ਪਰਾਲੀ ਦੀਆਂ ਗੱਠਾਂ ਵਾਲੇ ਟਰੈਕਟਰ ਟਰਾਲੀ ਨਾਲ ਹੋਈ ਟੱਕਰ ਤੋਂ ਬਾਅਦ ਕਾਰ ਦੇ ਪਰਖੱਚੇ ਉੱਡ ਗਏ ਤੇ ਕਾਰ ਚਾਲਕ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਜਾਣ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਮੁਤਾਬਕ ਮਨਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਆਪਣੇ ਦੋ ਸਾਥੀਆਂ ਸਮੇਤ ਆਪਣੀ ਕਾਰ ਹੋਂਡਾ ਸਿਟੀ ਡੀਐਲ 3 ਸੀਬੀਈ. 5160 ’ਤੇ ਸਵਾਰ ਹੋ ਕੇ ਰਾਤ ਕਰੀਬ 10:20 ਮਿੰਟ ’ਤੇ ਮੁਕਤਸਰ ਤੋਂ ਮਲੋਟ ਵੱਲ ਜਾ ਰਿਹਾ ਸੀ ਤੇ ਜਦੋਂ ਉਹ ਯਾਦਗਾਰੀ ਗੇਟ ਤੋਂ ਥੋੜਾ ਅੱਗੇ ਪੁੱਜਾ ਤਾਂ ਰਾਤ ਦੇ ਹਨੇਰੇ ’ਚ ਸਾਹਮਣੇ ਜਾ ਰਹੇ ਓਵਰਲੋਡ ਪਰਾਲੀ ਦੀਆਂ ਗੱਠਾਂ ਵਾਲੇ ਟਰੈਕਟਰ ਟਰਾਲੀ ਨਾਲ ਉਸਦੀ ਟੱਕਰ ਹੋ ਗਈ, ਟੱਕਰ ਐਨੀ ਭਿਆਨਕ ਸੀ ਕਿ ਕਾਰ ਚਾਲਕ ਮਨਦੀਪ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਜਦੋਂਕਿ ਉਸਦੇ ਸਾਥੀ ਸੰਦੀਪ ਪੁੱਤਰ ਤਿਲਕ ਰਾਏ, ਕਾਲਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਅਬੋਹਰ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ। ਓਧਰ ਹਾਦਸੇ ਦੀ ਸੂਚਨਾ ਮਿਲਣ ਉਪਰੰਤ ਘਟਨਾ ਸਥਾਨ ’ਤੇ ਪੁੱਜੇ ਰੁਪਾਣਾ ਜਨ ਸਹਾਰਾ ਕਲੱਬ ਦੇ ਅਹੁਦੇਦਾਰ ਡਾ. ਗੁਰਮੀਤ ਸਿੰਘ ਤੇ ਰਾਜਾ ਸ਼ਰਮਾ ਨੇ ਜ਼ਖ਼ਮੀਆਂ ਨੂੰ ਇਲਾਜ਼ ਲਈ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ। ਇਸ ਮਾਮਲੇ ਦੀ ਸੂਚਨਾ ਪੁਲਿਸ ਚੌਕੀ ਪਿੰਡ ਰੁਪਾਣਾ ਨੂੰ ਦਿੱਤੀ ਗਈ ਜਿਨ੍ਹਾਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਅ ਦਿੱਤਾ ਗਿਆ। ਫਿਲਹਾਲ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button