
ਦਸੂਹਾ/ਹੁਸ਼ਿਆਰਪੁਰ, 16 ਅਕਤੂਬਰ : ਮੁਕੇਰੀਆਂ ਦੇ ਕਸਬਾ ਉੱਚੀਬੱਸੀ ਕੋਲ ਦਰਦਨਾਕ ਸਵਿਫਟ ਡਿਜ਼ਾਇਰ ਕਾਰ ਡਿਵਾਈਡਰ ਨਾਲ ਟਕਰਾਅ ਗਈ। ਹਾਦਸੇ ਵਿਚ ਮਾਂ ਅਤੇ ਉਸ ਦੇ ਚਾਰ ਸਾਲਾ ਪੁੱਤਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਪਿਤਾ ਅਤੇ ਤਿੰਨ ਸਾਲ ਦੀ ਧੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਸ਼ਕਤੀ ਸਿੰਘ ਜੋ ਕਿ ਭਾਰਤੀ ਫੌਜ ਵਿਚ ਨੌਕਰੀ ਕਰਦਾ ਹੈ ਅਤੇ ਆਪਣੇ ਪਰਿਵਾਰ ਨਾਲ ਜੰਮੂ ਤੋਂ ਖਾਟੂਸ਼ਾਮ ਦਰਸ਼ਨ ਕਰਨ ਲਈ ਜਾ ਰਿਹਾ ਸੀ। ਜਦ ਉਨ੍ਹਾਂ ਦੀ ਕਾਰ ਮੁਕੇਰੀਆਂ ਦੇ ਕਸਬਾ ਉੱਚੀਬੱਸੀ ਨੇੜੇ ਪਹੁੰਚੀ ਤਾਂ ਕਾਰ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਅ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਦਸਿਆਂ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਹਾਦਸੇ ਵਿਚ ਕਾਰ ਚਾਲਕ ਸ਼ਕਤੀ ਸਿੰਘ ਦੀ ਪਤਨੀ ਮੀਰਾ ਅਤੇ ਚਾਰ ਸਾਲ ਦੇ ਪੁੱਤਰ ਹਰਿਆਂਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਸ਼ਕਤੀ ਸਿੰਘ ਤੇ ਉਸ ਦੀ ਤਿੰਨ ਸਾਲ ਦੀ ਧੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਦਾ ਇਲਾਜ ਦਸੂਹਾ ਦੇ ਸਰਕਾਰੀ ਹਸਪਤਾਲ ਵਿਚ ਚੱਲ ਰਿਹਾ ਹੈ। ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਰੀ ਹੈ।



